ਗਿਫਟ ਸਿਟੀ ਦੀ 50 ਫੀਸਦੀ ਹਿੱਸੇਦਾਰੀ ਗੁਜਰਾਤ ਸਰਕਾਰ ਨੂੰ ਮਿਲੀ
Monday, Jun 08, 2020 - 04:23 PM (IST)
ਮੁੰਬਈ— ਕਰਜ਼ ਸੰਕਟ ਨਾਲ ਜੂਝ ਰਹੀ ਆਈ. ਐੱਲ. ਐੱਫ. ਐੱਸ. ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਗੁਜਰਾਤ ਇੰਟਰਨੈਸ਼ਨਲ ਫਾਈਨੈਂਸ ਟੈੱਕ ਸਿਟੀ (ਗਿਫਟ ਸਿਟੀ) 'ਚ ਆਪਣੀ 50 ਫੀਸਦੀ ਹਿੱਸੇਦਾਰੀ ਗੁਜਰਾਤ ਸਰਕਾਰ ਨੂੰ ਵੇਚ ਦਿੱਤੀ ਹੈ।
ਇਹ 50 ਫੀਸਦੀ ਹਿੱਸੇਦਾਰੀ ਗੁਜਰਾਤ ਸਰਕਾਰ ਨੂੰ 32.71 ਕਰੋੜ ਰੁਪਏ 'ਚ ਵੇਚੀ ਗਈ ਹੈ, ਜਿਸ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। ਇਸ ਹਿੱਸੇਦਾਰੀ ਨੂੰ ਵੇਚਣ ਨਾਲ ਸਮੂਹ ਨੂੰ ਆਪਣੇ 1,230 ਕਰੋੜ ਰੁਪਏ ਦੇ ਕਰਜ਼ ਨੂੰ ਘੱਟ ਕਰਨ 'ਚ ਮਦਦ ਮਿਲੇਗੀ।
ਕੰਪਨੀ ਨੇ ਇਕ ਬਿਆਨ 'ਚ ਕਿਹਾ, ''ਆਈ. ਐੱਲ. ਐਂਡ ਐੱਫ. ਐੱਸ. ਨੇ ਇਕੁਇਟੀ ਮੁੱਲ ਦੇ ਰੂਪ 'ਚ ਵਿਕਰੀ ਨਾਲ 32.71 ਕਰੋੜ ਰੁਪਏ ਪ੍ਰਾਪਤ ਕੀਤੇ।'' ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਪਿਛਲੇ ਮਹੀਨੇ ਹਿੱਸੇਦਾਰੀ ਵੇਚਣ ਨੂੰ ਮਨਜ਼ੂਰੀ ਦੇ ਦਿੱਤੀ ਸੀ। ਗਿਫਟ ਸਿਟੀ ਦੀ ਹਿੱਸੇਦਾਰੀ ਗੁਜਰਾਤ ਅਰਬਨ ਡਿਵੈਲਪਮੈਂਟ ਕੰਪਨੀ ਲਿਮਟਿਡ (ਜੀ. ਯੂ. ਡੀ. ਸੀ. ਐੱਲ) ਨੇ ਗੁਜਰਾਤ ਸਰਕਾਰ ਵੱਲੋਂ ਖਰੀਦੀ ਹੈ।