ਅਮਰੀਕਾ ਹੋਣਾ ਹੈ ਪੱਕੇ, ਤਾਂ ਤੁਹਾਡੇ ਇਹ ਹੁਨਰ ਕਰਨਗੇ ਕੰਮ ਆਸਾਨ!

Saturday, Aug 05, 2017 - 03:36 PM (IST)

ਅਮਰੀਕਾ ਹੋਣਾ ਹੈ ਪੱਕੇ, ਤਾਂ ਤੁਹਾਡੇ ਇਹ ਹੁਨਰ ਕਰਨਗੇ ਕੰਮ ਆਸਾਨ!

ਵਾਸ਼ਿੰਗਟਨ— ਅਮਰੀਕਾ 'ਚ ਪੱਕੇ ਹੋਣ ਦਾ ਸੁਪਨਾ ਦੇਖ ਰਹੇ ਭਾਰਤੀ ਲੋਕਾਂ ਲਈ ਚੰਗੀ ਅਤੇ ਬੁਰੀ ਖਬਰ ਹੈ। ਚੰਗੀ ਖਬਰ ਉਨ੍ਹਾਂ ਲਈ ਹੈ ਜੋ ਅੰਗਰੇਜ਼ੀ ਬਹੁਤ ਵਧੀਆ ਬੋਲ ਲੈਂਦੇ ਹਨ ਅਤੇ ਪੜ੍ਹੇ-ਲਿਖੇ ਹੋਣ ਦੇ ਨਾਲ ਕਿਸੇ ਚੰਗੇ ਕੰਮ 'ਚ ਹੁਨਰਮੰਦ ਹਨ। ਨਵੀਂ ਇਮੀਗ੍ਰੇਸ਼ਨ ਪਾਲਿਸੀ ਮੁਤਾਬਕ, ਅਮਰੀਕਾ 'ਚ ਪੱਕੇ ਹੋਣ ਲਈ ਤੁਹਾਡੀ ਉੱਥੇ ਚੰਗੀ ਨੌਕਰੀ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਤੁਹਾਡੀ ਉਮਰ ਵੀ ਇਸ 'ਚ ਅਹਿਮ ਭੂਮਿਕਾ ਨਿਭਾਏਗੀ। ਦੂਜੇ ਪਾਸੇ ਜਿਨ੍ਹਾਂ ਕੋਲ ਕੋਈ ਹੁਨਰ ਅਤੇ ਅੰਗਰੇਜ਼ੀ ਵੀ ਚੰਗੀ ਨਹੀਂ ਹੈ, ਉਨ੍ਹਾਂ ਦੇ ਹੱਥ ਨਿਰਾਸ਼ਾ ਲੱਗੇਗੀ। ਨਵੇਂ ਬਿੱਲ ਮੁਤਾਬਕ ਕਾਨੂੰਨੀ ਪ੍ਰਵਾਸ ਦਾ ਦਰਜਾ ਹੁਣ ਮੈਰਿਟ ਦੇ ਆਧਾਰ 'ਤੇ ਦਿੱਤਾ ਜਾਵੇਗਾ। ਜਿਸ ਤਹਿਤ ਤੁਹਾਡੀ ਯੋਗਤਾ ਦੇ ਹਿਸਾਬ ਨਾਲ ਅੰਕ ਦਿੱਤੇ ਜਾਣਗੇ, ਯਾਨੀ ਜਿਸ ਦੇ ਅੰਕ ਵਧ ਹੋਣਗੇ ਅਤੇ ਜੋ ਸਭ ਗੱਲਾਂ 'ਤੇ ਖਰਾ ਉਤਰੇਗਾ ਉਸ ਨੂੰ ਗ੍ਰੀਨ ਕਾਰਡ ਮਿਲੇਗਾ। ਅਪਲਾਈ ਕਰਨ ਵਾਲੇ ਉਮਦੀਵਾਰ ਦੇ ਘੱਟੋ-ਘੱਟ 30 ਅੰਕ ਹੋਣੇ ਜ਼ਰੂਰੀ ਹੋਣਗੇ।
ਕਿਵੇਂ ਤੇ ਕਿਸ ਦੇ ਕਿੰਨੇ ਮਿਲਣਗੇ ਅੰਕ

PunjabKesari
ਚੰਗੀ ਪੜ੍ਹਾਈ, ਖਾਸ ਕਰਕੇ ਜਿਨ੍ਹਾਂ ਕੋਲ ਅਮਰੀਕਾ ਦੀ ਡਿਗਰੀ ਹੋਵੇਗੀ, ਉਨ੍ਹਾਂ ਨੂੰ ਸਭ ਤੋਂ ਵਧ ਅੰਕ ਮਿਲਣਗੇ। ਜੇਕਰ ਤੁਹਾਡੇ ਕੋਲ ਅਮਰੀਕਾ ਦੇ ਹਾਈ ਸਕੂਲ ਦਾ ਡਿਪਲੋਮਾ ਜਾਂ ਇਸ ਦੇ ਬਰਾਬਰ ਵਿਦੇਸ਼ੀ ਡਿਪਲੋਮਾ ਹੋਵੇਗਾ ਤਾਂ ਇਕ ਅੰਕ ਮਿਲੇਗਾ। ਵਿਦੇਸ਼ੀ ਬੈਚਲਰ ਡਿਗਰੀ 'ਤੇ 5 ਅੰਕ ਮਿਲਣਗੇ, ਅਮਰੀਕੀ ਬੈਚਲਰ ਡਿਗਰੀ ਹੈ ਤਾਂ 6 ਅੰਕ ਮਿਲਣਗੇ। 
ਉੱਥੇ ਹੀ ਜਿਨ੍ਹਾਂ ਕੋਲ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ 'ਚ ਵਿਦੇਸ਼ੀ ਲੇਵਲ ਦੀ ਮਾਸਟਰ ਡਿਗਰੀ ਹੋਵੇਗੀ, ਉਨ੍ਹਾਂ ਨੂੰ 7 ਅੰਕ ਮਿਲਣਗੇ, ਜੇਕਰ ਇਸੇ ਖੇਤਰ 'ਚ ਅਮਰੀਕੀ ਮਾਸਟਰ ਡਿਗਰੀ ਹੋਵੇਗੀ ਤਾਂ 8 ਅੰਕ ਹਾਸਲ ਕਰ ਸਕੋਗੇ। ਜਿਨ੍ਹਾਂ ਕੋਲ ਵਿਦੇਸ਼ੀ ਪੇਸ਼ੇਵਰ ਡਿਗਰੀ ਜਾਂ ਡਾਕਟਰੀ ਹੋਵੇਗੀ, ਉਨ੍ਹਾਂ ਨੂੰ 10 ਅੰਕ ਮਿਲਣਗੇ ਅਤੇ ਜੇਕਰ ਇਹੀ ਡਿਗਰੀ ਅਮਰੀਕਾ 'ਚ ਹਾਸਲ ਕੀਤੀ ਹੋਵੇਗੀ ਤਾਂ 13 ਅੰਕ ਮਿਲਣਗੇ।
ਉਮਰ ਦੇ ਹਿਸਾਬ ਨਾਲ ਵੀ ਮਿਲਣਗੇ ਅੰਕ

PunjabKesari
18 ਤੋਂ 21 ਸਾਲ ਤਕ ਦੇ ਨੌਜਵਾਨਾਂ ਨੂੰ 6 ਅੰਕ ਮਿਲਣਗੇ। ਜਦੋਂ ਕਿ 22 ਤੋਂ 25 ਸਾਲ ਤਕ ਦੇ ਨੌਜਵਾਨਾਂ ਨੂੰ 8 ਅੰਕ ਅਤੇ 26 ਤੋਂ 30 ਸਾਲ ਤਕ ਦੀ ਉਮਰ ਵਾਲਿਆਂ ਨੂੰ 10 ਅੰਕ ਮਿਲਣਗੇ। ਇਸ ਤੋਂ ਬਾਅਦ ਅੰਕ ਘੱਟ ਜਾਣਗੇ। 31 ਤੋਂ 35 ਸਾਲ ਤਕ ਵਾਲਿਆਂ ਨੂੰ 8 ਅੰਕ, 36 ਤੋਂ 40 ਤਕ ਵਾਲਿਆਂ ਨੂੰ 6 ਅੰਕ, 41 ਤੋਂ 45 ਸਾਲ ਤਕ ਦੀ ਉਮਰ ਵਾਲਿਆਂ ਨੂੰ 4 ਅੰਕ ਅਤੇ ਜਿਨ੍ਹਾਂ ਦੀ ਉਮਰ 46 ਤੋਂ 50 ਸਾਲ ਤਕ ਹੈ ਉਨ੍ਹਾਂ ਨੂੰ ਸਿਰਫ 2 ਅੰਕ ਹੀ ਮਿਲ ਸਕਣਗੇ। ਉੱਥੇ ਹੀ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੋਵੇਗੀ ਅਤੇ ਜਿਨ੍ਹਾਂ ਦੀ 50 ਸਾਲ ਤੋਂ ਜ਼ਿਆਦਾ ਹੋਵੇਗੀ ਉਨ੍ਹਾਂ ਨੂੰ ਕੋਈ ਅੰਕ ਨਹੀਂ ਮਿਲੇਗਾ, ਹਾਲਾਂਕਿ ਉਹ ਫਿਰ ਵੀ ਅਪਲਾਈ ਕਰ ਸਕਣਗੇ।
ਅੰਗਰੇਜ਼ੀ ਦਾ ਦੇਣਾ ਹੋਵੇਗਾ ਟੈਸਟ
ਤੁਸੀਂ ਅੰਗਰੇਜ਼ੀ ਕਿੰਨੀ ਕੁ ਜਾਣਦੇ ਤੇ ਸਮਝਦੇ ਹੋ ਇਸ ਆਧਾਰ 'ਤੇ ਵੀ ਅੰਕ ਦਿੱਤੇ ਜਾਣਗੇ। ਜੇਕਰ ਕਿਸੇ ਦੇ 60 ਫੀਸਦੀ ਤੋਂ ਘੱਟ ਨੰਬਰ ਆਏ ਤਾਂ ਉਸ ਨੂੰ ਕੋਈ ਅੰਕ ਨਹੀਂ ਦਿੱਤਾ ਜਾਵੇਗਾ। 60 ਅਤੇ 80 ਫੀਸਦੀ ਵਿਚਾਕਰ ਵਾਲਿਆਂ ਨੂੰ 6 ਅੰਕ ਮਿਲਣਗੇ। 80 ਤੋਂ 90 ਫੀਸਦੀ ਵਿਚਕਾਰ ਵਾਲਿਆਂ ਨੂੰ 10 ਅੰਕ ਮਿਲਣਗੇ। 90 ਫੀਸਦੀ ਜਾਂ ਇਸ ਤੋਂ ਵਧ ਨੰਬਰ ਲੈਣ ਵਾਲਿਆਂ ਨੂੰ 11 ਅੰਕ ਅਤੇ 100 ਫੀਸਦੀ ਵਾਲਿਆਂ ਨੂੰ 12 ਅੰਕ ਮਿਲਣਗੇ। ਇਨ੍ਹਾਂ ਸਭ ਤੋਂ ਉਪਰ ਹੈ ਕਿ ਕਿਸੇ ਵਿਅਕਤੀ ਕੋਲ ਅਮਰੀਕਾ 'ਚ ਨੌਕਰੀ ਦਾ ਆਫਰ ਹੈ ਅਤੇ ਕਿੰਨੇ ਦਾ ਪੈਕੇਜ ਹੈ। ਜੇਕਰ ਅਰਜ਼ੀਦਾਤਾ ਕੋਲ ਨੌਕਰੀ ਦਾ ਆਫਰ ਹੈ ਅਤੇ ਜਿਹੜੇ ਸੂਬੇ 'ਚ ਉਹ ਨੌਕਰੀ ਕਰੇਗਾ ਉੱਥੇ ਉਸ ਨੂੰ ਜੋ ਤਨਖਾਹ ਮਿਲੇਗੀ ਉਹ ਉਸ ਦੀ ਘਰੇਲੂ ਔਸਤ ਆਮਦਨ ਦਾ 150 ਫੀਸਦੀ ਹੋਵੇਗੀ, ਤਾਂ ਉਸ ਨੂੰ 5 ਅੰਕ ਦਿੱਤੇ ਜਾਣਗੇ ਯਾਨੀ ਜਿੰਨਾ ਜ਼ਿਆਦਾ ਕਿਸੇ ਦਾ ਪੈਕੇਜ ਹੋਵੇਗਾ, ਓਨੇ ਜ਼ਿਆਦਾ ਉਸ ਨੂੰ ਅੰਕ ਮਿਲਣਗੇ। ਇਸ ਤਹਿਤ ਵਧ ਤੋਂ ਵਧ 13 ਅੰਕ ਮਿਲਣਗੇ।
ਹਰ ਸਾਲ ਅਮਰੀਕਾ 'ਚ ਉਚੇਰੀ ਸਿੱਖਿਆ ਹਾਸਲ ਕਰਨ ਲਈ ਭਾਰਤੀ ਜਾਂਦੇ ਹਨ। ਹੁਣ ਉਨ੍ਹਾਂ ਲਈ ਇਹ ਨਵਾਂ ਸਿਸਟਮ ਵਧੀਆ ਸਾਬਤ ਹੋਵੇਗਾ। ਉੱਥੇ ਹੀ, ਜਿਨ੍ਹਾਂ ਭਾਰਤੀਆਂ ਕੋਲ ਭਾਰਤ ਦੀ ਮਾਸਟਰ ਡਿਗਰੀ ਹੈ ਅਤੇ ਅੰਗਰੇਜ਼ੀ ਵੀ ਚੰਗੀ ਹੈ ਅਤੇ ਨਾਲ ਹੀ ਅਮਰੀਕੀ ਕੰਪਨੀ ਦਾ ਨੌਕਰੀ ਆਫਰ ਵੀ ਹੈ ਹੁਣ ਉਹ ਵੀ ਇਸ ਸਿਸਟਮ ਜ਼ਰੀਏ ਆਪਣੇ ਹੁਨਰ ਸਦਕਾ ਅਮਰੀਕਾ 'ਚ ਗ੍ਰੀਨ ਕਾਰਡ ਹਾਸਲ ਕਰ ਸਕਣਗੇ। ਪਹਿਲਾਂ ਇਨ੍ਹਾਂ ਨੂੰ ਐੱਚ-1ਬੀ ਵੀਜ਼ਾ ਦਾ ਸਹਾਰਾ ਲੈਣਾ ਪੈਂਦਾ ਸੀ।


Related News