SBI ਤੋਂ ਬਾਅਦ ਇਸ ਬੈਂਕ ਨੇ ਦਿੱਤਾ ਝਟਕਾ, ਹੁਣ ਘੱਟ ਹੋਵੇਗੀ ''ਬਚਤ''
Saturday, Aug 05, 2017 - 03:47 PM (IST)
ਨਵੀਂ ਦਿੱਲੀ— ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਵੱਲੋਂ ਬਚਤ ਖਾਤੇ 'ਤੇ ਵਿਆਜ ਦਰ ਘਟਾਉਣ ਤੋਂ ਕੁਝ ਦਿਨ ਬਾਅਦ ਹੀ ਇਕ ਹੋਰ ਸਰਕਾਰੀ ਬੈਂਕ ਨੇ ਵੀ ਵਿਆਜ ਦਰ ਘਟਾ ਕੇ 3.50 ਫੀਸਦੀ ਕਰ ਦਿੱਤੀ ਹੈ। ਪਹਿਲਾਂ ਤੁਹਾਨੂੰ ਸਾਲਾਨਾ ਆਧਾਰ 'ਤੇ ਜੋ 4 ਫੀਸਦੀ ਵਿਆਜ ਬਚਤ ਖਾਤੇ 'ਤੇ ਮਿਲਦਾ ਸੀ, ਉਸ 'ਚ ਬੈਂਕ ਆਫ ਬੜੌਦਾ ਨੇ 0.50 ਫੀਸਦੀ ਦੀ ਕਟੌਤੀ ਕਰ ਦਿੱਤੀ ਹੈ।
ਨਵੀਂ ਵਿਆਜ ਦਰ 5 ਅਗਸਤ ਤੋਂ ਲਾਗੂ ਹੋ ਗਈ ਹੈ। ਬੈਂਕ ਮੁਤਾਬਕ, ਹੁਣ ਬਚਤ ਖਾਤਾ ਧਾਰਕਾਂ ਨੂੰ 50 ਲੱਖ ਰੁਪਏ ਤਕ ਦੀ ਜਮ੍ਹਾ ਰਾਸ਼ੀ 'ਤੇ ਸਾਲਾਨਾ 4 ਫੀਸਦੀ ਦੀ ਬਜਾਏ ਸਿਰਫ 3.50 ਫੀਸਦੀ ਵਿਆਜ ਹੀ ਮਿਲੇਗਾ। ਹਾਲਾਂਕਿ 50 ਲੱਖ ਰੁਪਏ ਤੋਂ ਵਧ ਦੀ ਜਮ੍ਹਾ ਰਾਸ਼ੀ 'ਤੇ 4 ਫੀਸਦੀ ਵਿਆਜ ਮਿਲਦਾ ਰਹੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐੱਸ. ਬੀ. ਆਈ. ਨੇ 31 ਜੁਲਾਈ ਨੂੰ ਬਚਤ ਖਾਤੇ 'ਚ ਇਕ ਕਰੋੜ ਰੁਪਏ ਤਕ ਦੀ ਜਮ੍ਹਾ ਰਾਸ਼ੀ 'ਤੇ ਵਿਆਜ ਦਰ 4 ਫੀਸਦੀ ਤੋਂ ਘਟਾ ਕੇ 3.50 ਫੀਸਦੀ ਦੀ ਕੀਤੀ ਸੀ। ਹਾਲਾਂਕਿ ਐੱਸ. ਬੀ. ਆਈ. ਬਚਤ ਖਾਤੇ 'ਚ ਇਕ ਕਰੋੜ ਜਾਂ ਇਸ ਤੋਂ ਵਧ ਦੀ ਜਮ੍ਹਾ 'ਤੇ 4 ਫੀਸਦੀ ਵਿਆਜ ਦੇਵੇਗਾ। ਜਲਦ ਹੀ ਹੋਰ ਬੈਂਕ ਵੀ ਵਿਆਜ ਦਰ 'ਚ ਕਟੌਤੀ ਦਾ ਐਲਾਨ ਕਰਨਗੇ।
