ਜੇਕਰ ਮੰਤਰੀ ਨਾ ਹੁੰਦਾ ਤਾਂ ਲਾਉਂਦਾ ਏਅਰ ਇੰਡੀਆ ਲਈ ਬੋਲੀ : ਗੋਇਲ

01/23/2020 11:14:41 PM

ਦਾਵੋਸ(ਭਾਸ਼ਾ)-ਕਰਜ਼ੇ ਦੇ ਬੋਝ ਹੇਠ ਦੱਬੀ ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਦੇ ਵਿਨਿਵੇਸ਼ ਦੀਆਂ ਤਿਆਰੀਆਂ ਦਰਮਿਆਨ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਜੇਕਰ ਉਹ ਮੰਤਰੀ ਨਾ ਹੁੰਦੇ ਤਾਂ ਏਅਰ ਇੰਡੀਆ ਲਈ ਬੋਲੀ ਜ਼ਰੂਰ ਲਾਉਂਦੇ। ਏਅਰ ਇੰਡੀਆ ਕਾਫ਼ੀ ਸਮੇਂ ਤੋਂ ਘਾਟੇ ’ਚ ਚੱਲ ਰਹੀ ਹੈ ਅਤੇ ਹੁਣ ਸਰਕਾਰ ਇਸ ਦੀ ਵਿਨਿਵੇਸ਼ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣ ’ਚ ਲੱਗੀ ਹੈ। ਏਅਰ ਇੰਡੀਆ, ਬੀ. ਪੀ. ਸੀ. ਐੱਲ. ਅਤੇ ਹੋਰ ਕੰਪਨੀਆਂ ਦੇ ਪ੍ਰਸਤਾਵਿਤ ਵਿਨਿਵੇਸ਼ ਨਾਲ ਜੁਡ਼ੇ ਸਵਾਲ ’ਤੇ ਗੋਇਲ ਨੇ ਕਿਹਾ ਕਿ ਪਹਿਲੇ ਕਾਰਜਕਾਲ ’ਚ ਸਾਡੀ ਸਰਕਾਰ ਨੂੰ ਅਜਿਹੀ ਅਰਥਵਿਵਸਥਾ ਵਿਰਾਸਤ ’ਚ ਮਿਲੀ ਸੀ, ਜੋ ਕਾਫ਼ੀ ਬੁਰੇ ਹਾਲ ’ਚ ਸੀ। ਉਨ੍ਹਾਂ ਕਿਹਾ ਕਿ ਅਰਥਵਿਵਸਥਾ ਨੂੰ ਸਹੀ ਲੀਹ ’ਤੇ ਲਿਆਉਣ ਲਈ ਕਈ ਕਦਮ ਚੁੱਕੇ ਗਏ। ਜੇਕਰ ਸਰਕਾਰ ਪਹਿਲਾਂ ਇਨ੍ਹਾਂ ਵਡਮੁੱਲੀਆਂ ਕੰਪਨੀਆਂ ਦਾ ਵਿਨਿਵੇਸ਼ ਕਰਦੀ ਤਾਂ ਵਧੀਆ ਮੁੱਲ ਨਾ ਮਿਲਦਾ।

ਗੋਇਲ ਨੇ ਵਿਸ਼ਵ ਆਰਥਿਕ ਫੋਰਮ (ਡਬਲਯੂ. ਈ. ਐੱਫ.) ਦੇ ‘ਭਾਰਤ : ਰਣਨੀਤਿਕ ਪ੍ਰੀਦ੍ਰਿਸ਼’ ਇਜਲਾਸ ’ਚ ਬੋਲਦਿਆਂ ਕਿਹਾ, ‘‘ਕੁਸ਼ਲ ਅਤੇ ਬਿਹਤਰ ਢੰਗ ਨਾਲ ਮੈਨੇਜ ਏਅਰ ਇੰਡੀਆ ਕੋਲ ਕਾਫ਼ੀ ਚੰਗੇ ਜਹਾਜ਼ ਹਨ। ਇਸ ਲਿਹਾਜ਼ ਨਾਲ ਇਹ ਕਿਸੇ ਸੋਨੇ ਦੀ ਖਾਨ ਤੋਂ ਘੱਟ ਨਹੀਂ ਹੈ।’’ ਗੋਇਲ ਕੋਲ ਰੇਲ ਮੰਤਰਾਲਾ ਦੇ ਨਾਲ-ਨਾਲ ਵਣਜ ਅਤੇ ਉਦਯੋਗ ਮੰਤਰਾਲਾ ਦੀ ਵੀ ਜ਼ਿੰਮੇਵਾਰੀ ਹੈ। ਕੇਂਦਰੀ ਮੰਤਰੀ ਨੇ ਕਿਹਾ, ‘‘ਭਾਰਤ ਅੱਜ ਇਕ ਅਜਿਹਾ ਦੇਸ਼ ਹੈ, ਜਿੱਥੇ ਤੁਹਾਡੇ ਕੋਲ ਬਰਾਬਰ ਮੌਕੇ ਹਨ, ਤੁਸੀਂ ਈਮਾਨਦਾਰੀ ਨਾਲ ਕੰਮ ਕਰ ਸਕਦੇ ਹੋ।’’


Karan Kumar

Content Editor

Related News