IDFC ਫਸਟ ਬੈਂਕ ਦੇ ਬਚਤ ਖਾਤਾਧਾਰਕਾਂ ਲਈ ਖ਼ੁਸ਼ਖ਼ਬਰੀ, ਵਿਆਜ ਦਰ ਵਧੀ
Thursday, Jan 07, 2021 - 10:37 PM (IST)
 
            
            ਮੁੰਬਈ : ਸਰਕਾਰੀ ਅਤੇ ਹੋਰ ਕਈ ਨਿੱਜੀ ਬੈਂਕਾਂ ਵਿਚ ਜਿੱਥੇ ਬਚਤ ਖਾਤੇ 'ਤੇ ਵਿਆਜ ਦਰ 3-4 ਫ਼ੀਸਦੀ ਵਿਚਕਾਰ ਹੈ, ਉੱਥੇ ਹੀ ਆਈ. ਡੀ. ਐੱਫ. ਸੀ. ਫਸਟ ਬੈਂਕ ਨੇ 1 ਲੱਖ ਰੁਪਏ ਤੱਕ ਦੀ ਰਾਸ਼ੀ ਵਾਲੇ ਬਚਤ ਖਾਤੇ 'ਤੇ ਵਿਆਜ ਦਰ 1 ਫ਼ੀਸਦੀ ਵਧਾ ਕੇ 7 ਫ਼ੀਸਦੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਇਹ 6 ਫ਼ੀਸਦੀ ਸੀ।
'IDFC ਫਸਟ ਬੈਂਕ' ਇਕ ਸ਼ਡਿਊਲਡ ਵਪਾਰਕ ਬੈਂਕ ਹੈ, ਜਿਸ ਦਾ ਮਾਰਕੀਟ ਕੈਪ ਲਗਭਗ 22,500 ਕਰੋੜ ਰੁਪਏ ਹੈ ਅਤੇ ਲਗਭਗ 260 ਸ਼ਾਖਾਵਾਂ ਦਾ ਨੈੱਟਵਰਕ ਹੈ। ਇਸ ਨੂੰ 2015 ਵਿਚ ਬੈਂਕਿੰਗ ਲਾਇਸੈਂਸ ਮਿਲਿਆ ਸੀ ਅਤੇ ਉਸੇ ਸਾਲ ਸਟਾਕ ਐਕਸਚੇਂਜ ਵਿਚ ਸੂਚੀਬੱਧ ਹੋਇਆ ਸੀ।
ਬੈਂਕ 1 ਲੱਖ ਰੁਪਏ ਤੋਂ ਉਪਰ ਦੀ ਰਾਸ਼ੀ 'ਤੇ ਪਹਿਲਾਂ ਹੀ 7 ਫ਼ੀਸਦੀ ਵਿਆਜ ਦੇ ਰਿਹਾ ਹੈ। ਦੱਸ ਦੇਈਏ ਕਿ ਕਿਸੇ ਵੀ ਬੈਂਕ ਵਿਚ ਜਮ੍ਹਾ ਸਾਰੀ ਤਰ੍ਹਾਂ ਦੀ ਰਕਮ ਨੂੰ ਮਿਲਾ ਕੇ ਪ੍ਰਤੀ ਗਾਹਕ ਦੀ ਕੁੱਲ 5 ਲੱਖ ਰੁਪਏ ਤੱਕ ਦੀ ਰਾਸ਼ੀ ਹੀ ਸਰਕਾਰੀ ਡਿਪਾਜ਼ਿਟ ਗਾਰੰਟੀ ਸਕੀਮ ਤਹਿਤ ਕਵਰਡ ਹੁੰਦੀ ਹੈ, ਯਾਨੀ ਬੈਂਕ ਵਿਚ ਤੁਹਾਡੀ ਕਿੰਨਾ ਵੀ ਪੈਸਾ ਜਮ੍ਹਾ ਹੋਵੇ ਜੇਕਰ ਬੈਂਕ ਡੁੱਬਦਾ ਹੈ ਤਾਂ ਸਰਕਾਰ ਸਿਰਫ 5 ਲੱਖ ਰੁਪਏ ਤੱਕ ਦੀ ਰਕਮ ਦੀ ਹੀ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ। ਬਚਤ ਖਾਤਿਆਂ 'ਤੇ ਵਿਆਜ ਲਾਕਡ ਨਹੀਂ ਹੁੰਦਾ ਅਤੇ ਬੈਂਕ ਆਪਣੀ ਮਰਜ਼ੀ ਨਾਲ ਬਦਲ ਸਕਦਾ ਹੈ। ਬੈਂਕ ਗਾਹਕਾਂ ਨੂੰ ਖਿੱਚਣ ਲਈ ਉਚ ਦਰਾਂ ਦੀ ਪੇਸ਼ਕਸ਼ ਕਰਦੇ ਹਨ। ਮੌਜੂਦਾ ਸਮੇਂ ਆਈ. ਡੀ. ਐੱਫ. ਸੀ. ਫਸਟ ਬੈਂਕ ਵੱਲੋਂ ਬਚਤ ਖਾਤੇ 'ਤੇ ਦਿੱਤਾ ਜਾ ਰਿਹਾ ਵਿਆਜ ਸਰਕਾਰੀ ਅਤੇ ਨਿੱਜੀ ਬੈਂਕ ਵੱਲੋਂ ਪੇਸ਼ ਕੀਤੇ ਜਾ ਰਹੇ ਵਿਆਜ ਨਾਲੋਂ ਲਗਭਗ ਦੁੱਗਣਾ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            