ICICI ਬੈਂਕ ਦਾ ਮੁਨਾਫਾ 260.5 ਫੀਸਦੀ ਵੱਧ ਕੇ 4,403 ਕਰੋੜ ਰੁਪਏ ’ਤੇ ਪੁੱਜਾ
Sunday, Apr 25, 2021 - 11:06 AM (IST)
ਨਵੀਂ ਦਿੱਲੀ– ਪ੍ਰਾਈਵੇਟ ਸੈਕਟਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨੇ ਅੱਜ ਮਾਰਚ ਤਿਮਾਹੀ ਦੇ ਨਤੀਜੇ ਜਾਰੀ ਕੀਤੇ ਹਨ। ਮਾਰਚ 2021 ਖਤਮ ਤਿਮਾਹੀ ’ਚ ਬੈਂਕ ਦੇ ਸਟੈਂਡਅਲੋਨ ਪ੍ਰੋਫਿਟ 260.5 ਫੀਸਦੀ ਵਧ ਕੇ 4,403 ਕਰੋੜ ਰੁਪਏ ਰਿਹਾ। ਪਿਛਲੇ ਸਾਲ ਇਸੇ ਤਿਮਾਹੀ ’ਚ ਬੈਂਕ ਦਾ ਸਟੈਂਡਅਲੋਨ ਪ੍ਰੋਫਿਟ 1,221.4 ਕਰੋੜ ਰੁਪਏ ਸੀ।
ਬੈਂਕ ਨੇ ਦੱਸਿਆ ਕਿ ਸਮੀਖਿਆ ਅਧੀਨ ਮਿਆਦ ’ਚ ਉਸ ਦੀ ਕੁਲ ਆਮਦਨ ਵਧ ਕੇ 23,953 ਕਰੋੜ ਰੁਪਏ ਹੋ ਗਈ ਜੋ ਕਿ ਇਸ ਤੋਂ ਇਕ ਸਾਲ ਪਹਿਲਾਂ ਦੀ ਸਮਾਨ ਤਿਮਾਹੀ ’ਚ 23,443.66 ਕਰੋੜ ਰੁਪਏ ਸੀ। ਨਿੱਜੀ ਖੇਤਰ ਦੇ ਬੈਂਕ ਦਾ ਸ਼ੁੱਧ ਲਾਭ ਏਕੀਕ੍ਰਿਤ ਆਧਾਰ ’ਤੇ ਮਾਰਚ ਤਿਮਾਹੀ ’ਚ ਵਧ ਕੇ 4,886 ਕਰੋੜ ਰੁਪਏ ਹੋ ਗਿਆ ਜੋ ਵਿੱਤੀ ਸਾਲ 2019-20 ਦੀ ਅੰਤਿਮ ਤਿਮਾਹੀ ’ਚ 1,251 ਕਰੋੜ ਰੁਪਏ ਸੀ। ਇਸ ਤਰ੍ਹਾਂ ਏਕੀਕ੍ਰਿਤ ਆਧਾਰ ’ਤੇ ਆਮਦਨ 40,121 ਕਰੋੜ ਰੁਪਏ ਤੋਂ ਵਧ ਕੇ 43,621 ਕਰੋੜ ਰੁਪਏ ਹੋ ਗਈ।
ਬੈਂਕ ਦਾ ਕੁਲ ਐੱਨ. ਪੀ. ਏ. ਮਾਰਚ 2021 ਦੇ ਅਖੀਰ ’ਚ ਕੁਲ ਐਡਵਾਂਸ ਦੇ ਮੁਕਾਬਲੇ ਘਟ ਕੇ 4.96 ਫੀਸਦੀ ਰਹਿ ਗਿਆ ਜੋ 31 ਮਾਰਚ 2020 ਨੂੰ 5.53 ਫੀਸਦੀ ਸੀ। ਇਸ ਤਰ੍ਹਾਂ ਸ਼ੁੱਧ ਐੱਨ. ਪੀ. ਏ. ਵੀ 1.41 ਫੀਸਦੀ ਤੋਂ ਘਟ ਕੇ 1.14 ਫੀਸਦੀ ’ਤੇ ਆ ਗਿਆ। ਸਮੀਖਿਆ ਅਧੀਨ ਤਿਮਾਹੀ ’ਚ ਬੈਂਕ ਨੂੰ ਐੱਨ. ਪੀ. ਏ. ਲਈ 2883.47 ਕਰੋੜ ਰੁਪਏ ਦੀ ਵਿਵਸਥਾ ਕਰਨੀ ਪਈ। ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਇਸ ਆਈਟਮ ’ਤੇ ਵਿਵਸਥਾ 5,967.44 ਕਰੋੜ ਰੁਪਏ ਦੀ ਸੀ।