ਬੰਗਲਾ ਦੇਸ਼ ''ਚ ਕਸ਼ਮੀਰੀ ਸੇਬਾਂ ਦੀ ਭਾਰੀ ਮੰਗ

Monday, Aug 29, 2022 - 05:04 PM (IST)

ਬੰਗਲਾ ਦੇਸ਼ ''ਚ ਕਸ਼ਮੀਰੀ ਸੇਬਾਂ ਦੀ ਭਾਰੀ ਮੰਗ

ਸ਼੍ਰੀਨਗਰ : ਕਸ਼ਮੀਰ ਦੇ ਸੇਬ ਸਿਰਫ਼ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਪਸੰਦ ਕੀਤੇ ਜਾਂਦੇ ਹਨ। ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਵਿਚ ਇਸ ਦਾ ਨਿਰਯਾਤ ਕੀਤਾ ਜਾਂਦਾ ਹੈ। ਬੰਗਲਾਦੇਸ਼ ਵਿਚ ਸੇਬਾਂ ਦੇ 30 ਤੋਂ ਜ਼ਿਆਦਾ ਟਰੱਕ ਭੇਜੇ ਜਾਂਦੇ ਹਨ। ਬੰਗਲਾਦੇਸ਼ ਦੇ ਕਈ ਵਪਾਰੀ ਕਸ਼ਮੀਰ ਤੋਂ ਸੇਬ ਖਰੀਦਣ ਪਹੁੰਚਦੇ ਹਨ। ਉੱਤਰੀ ਕਮਸ਼ੀਰ ਦੇ ਸੇਬ ਉਤਪਾਦਨ ਦਾ 20 ਫ਼ੀਸਦੀ ਹਿੱਸਾ ਭੇਜਿਆ ਜਾ ਰਿਹਾ ਹੈ। ਬੰਗਲਾ ਦੇਸ਼ ਦੇ ਸੇਬ ਵਪਾਰੀ ਸਿਰਾਜੁਦੀਨ ਹਰ ਸਾਲ ਤਿੰਨ ਮਹੀਨੇ ਕਸ਼ਮੀਰ ਵਿਚ ਗੁਜ਼ਾਰਦੇ ਹਨ। ਸਿਰਾਜੁਦੀਨ ਗਰਮੀਆਂ ਦੇ ਦਿਨਾਂ ਵਿਚ ਕਸ਼ਮੀਰ ਆਉਂਦੇ ਹਨ 'ਤੇ ਸੇਬਾਂ ਦੀ ਕਟਾਈ ਦੇ ਮੌਸਮ ਤੱਕ ਕਸ਼ਮੀਰ ਵਿਚ ਹੀ ਠਹਿਰਦੇ ਹਨ। ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਫਲ ਮੰਡੀ ਸੋਪੋਰ ਫਰੂਟ ਮਾਰਕੀਟ ਵਿੱਚ ਸਿਰਾਜੁਦੀਨ ਦੇ ਸਥਾਨਕ ਉਤਪਾਦਕਾਂ ਨਾਲ ਚੰਗੇ ਸਬੰਧ ਹਨ। ਇੱਥੋਂ ਦੇ ਜ਼ਿਆਦਾਤਰ ਲੋਕ ਉਸ ਨੂੰ ਪਛਾਣਦੇ ਹਨ। ਉਹ ਕਸ਼ਮੀਰ ਤੋਂ ਬੰਗਲਾਦੇਸ਼ ਨੂੰ ਸੇਬਾਂ ਦੇ ਦੋ ਹਜ਼ਾਰ ਡੱਬੇ ਭੇਜਦੇ ਹਨ।
ਸਿਰਾਜੁਦੀਨ ਦਾ ਕਹਿਣਾ ਹੈ ਕਿ ਪਿਛਲੇ 7 ਸਾਲਾਂ ਤੋਂ ਸੋਪੋਰ ਮੰਡੀ ਸੇਬਾਂ ਦੀ ਖਰੀਦ ਲਈ ਆ ਰਿਹਾ ਹੈ। ਕਸ਼ਮੀਰੀ ਸੇਬ ਦਾ ਦੁਨੀਆਂ ਵਿੱਚ ਕੋਈ ਮੁਕਾਬਲਾ ਨਹੀਂ ਹੈ। ਬੰਗਲਾਦੇਸ਼ ਵਿੱਚ ਕਸ਼ਮੀਰੀ ਸੇਬਾਂ ਦੀ ਭਾਰੀ ਮੰਗ ਹੈ। ਇਨ੍ਹਾਂ ਸਾਲਾਂ ਦੌਰਾਨ, ਬੰਗਲਾਦੇਸ਼ ਕਸ਼ਮੀਰ ਤੋਂ ਸੇਬਾਂ ਲਈ ਇੱਕ ਵਿਸ਼ੇਸ਼ ਬਾਜ਼ਾਰ ਬਣ ਗਿਆ ਹੈ।ਕਸ਼ਮੀਰ ਦੇ ਸਥਾਨਕ ਵਪਾਰੀ ਵੀ ਬੰਗਲਾਦੇਸ਼ ਵੱਲ ਧਿਆਨ ਕੇਂਦਰਿਤ ਕਰ ਰਹੇ ਹਨ ਕਿਉਂਕਿ ਇਹ ਉਨ੍ਹਾਂ ਨੂੰ ਬਿਹਤਰ ਰਿਟਰਨ ਦਿੰਦਾ ਹੈ।
ਉੱਤਰੀ ਕਸ਼ਮੀਰ ਫਲ ਉਤਪਾਦਕ ਯੂਨੀਅਨ ਦੇ ਪ੍ਰਧਾਨ ਫਯਾਜ਼ ਅਹਿਮਦ ਮਲਿਕ ਦਾ ਕਹਿਣਾ ਹੈ ਕਿ ਹਰ ਸਾਲ ਬਹੁਤ ਸਾਰੇ ਵਪਾਰੀ ਕਸ਼ਮੀਰ ਸੇਬ ਖ਼ਰੀਦਣ ਆਉਂਦੇ ਹਨ ਅਤੇ ਸਮਾਂ ਵੀ ਗੁਜ਼ਾਰਦੇ ਹਨ। ਫਯਾਜ਼ ਅਹਿਮਦ ਨੇ ਦੱਸਿਆ ਕਿ ਬੰਗਲਾਦੇਸ਼ੀ ਵਪਾਰੀਆਂ ਨੇ ਸਥਾਨਕ ਲੋਕਾਂ ਦਾ ਵਿਸ਼ਵਾਸ਼ ਜਿੱਤਿਆ ਹੈ ਅਤੇ ਉਹ ਆਪਣੇ ਕਾਰੋਬਾਰ ਪ੍ਰਤੀ ਬਹੁਤ ਇਮਾਨਦਾਰ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਬੰਗਲਾਦੇਸ਼ ਕਸ਼ਮੀਰੀ ਸੇਬਾਂ ਦਾ ਸਭ ਤੋਂ ਵੱਡਾ ਖਪਤਕਾਰ ਬਣ ਜਾਵੇਗਾ ਕਿਉਂਕਿ ਹਰ ਸਾਲ ਬੰਗਲਾਦੇਸ਼ੀ ਡੀਲਰਾਂ ਦੀ ਗਿਣਤੀ ਵੱਧ ਰਹੀ ਹੈ। ਸੇਬ ਉਤਪਾਦਕ ਮੁਹੰਮਦ ਸ਼ਾਹਬਾਜ਼ ਨੇ ਕਿਹਾ ਕਿ ਬੰਗਲਾਦੇਸ਼ੀ ਵਪਾਰੀ ਵੀ ਕਸ਼ਮੀਰ ਦੇ ਸੇਬਾਂ ਦੀ ਵਧੀਆ ਕੀਮਤ ਪ੍ਰਾਪਤ ਕਰਦੇ ਹਨ।
 

ਕਸ਼ਮੀਰ ਹੈ ਦੇਸ਼ ਦਾ ਸਭ ਤੋਂ ਵੱਡਾ ਸੇਬ ਉਤਪਾਦਕ

ਦੇਸ਼ ਵਿੱਚ ਸੇਬ ਦਾ 78% ਉਤਪਾਦਨ ਇਕੱਲੇ ਕਸ਼ਮੀਰ ਵਿੱਚ ਹੁੰਦਾ ਹੈ ਦੇਸ਼ ਵਿਚ ਹਰ ਸਾਲ 26 ਲੱਖ ਮੀਟ੍ਰਿਕ ਟਨ ਸੇਬਾਂ ਦਾ ਉਤਪਾਦਨ ਕੀਤਾ ਜਾਂਦਾ ਹੈ। ਕਸ਼ਮੀਰ ਘਾਟੀ ਵਿੱਚ 3.38 ਲੱਖ ਹੈਕਟੇਅਰ ਜ਼ਮੀਨ ਫਲਾਂ ਦੀ ਖੇਤੀ ਦੇ ਅਧੀਨ ਹੈ ਜਿਸ ਦਾ 1.62 ਲੱਖ ਹੈਕਟੇਅਰ ਹਿੱਸਾ ਸੇਬਾਂ ਦੀ ਖੇਤੀ ਹੇਠ ਹੈ।


author

Harnek Seechewal

Content Editor

Related News