ਲੁਧਿਆਣਾ ਦੇ ਹੌਜ਼ਰੀ ਉਦਯੋਗ ਨੂੰ ਸਰਦੀਆਂ ਦੇ ਕੱਪੜਿਆਂ ਦੀ ਘੱਟ ਮੰਗ ਨਾਲ ਨੁਕਸਾਨ

Sunday, Dec 25, 2022 - 10:21 AM (IST)

ਲੁਧਿਆਣਾ ਦੇ ਹੌਜ਼ਰੀ ਉਦਯੋਗ ਨੂੰ ਸਰਦੀਆਂ ਦੇ ਕੱਪੜਿਆਂ ਦੀ ਘੱਟ ਮੰਗ ਨਾਲ ਨੁਕਸਾਨ

ਚੰਡੀਗੜ੍ਹ–ਪੰਜਾਬ ’ਚ ਲੁਧਿਆਣਾ ਦਾ ਪ੍ਰਸਿੱਧ ਹੌਜ਼ਰੀ ਉਦਯੋਗ ਮੰਗ ’ਚ ਗਿਰਾਵਟ ਆਉਣ ਨਾਲ ਇਸ ਸਮੇਂ ਮੁਸ਼ਕਲ ’ਚ ਦਿਖਾਈ ਦੇ ਰਿਹਾ ਹੈ। ਠੰਡ ਆਉਣ ’ਚ ਹੋਈ ਦੇਰੀ ਕਾਰਨ ਗਰਮ ਕੱਪੜਿਆਂ ਲਈ ਮੁੜ ਆਰਡਰ ਮਿਲਣਾ ਮੁਸ਼ਕਲ ਹੋ ਰਿਹਾ ਹੈ ਕਿਉਂਕਿ ਪ੍ਰਚੂਨ ਵਿਕ੍ਰੇਤਾਵਾਂ ਕੋਲ ਪਹਿਲਾਂ ਹੀ ਸਰਦੀਆਂ ਦੇ ਕੱਪੜਿਆਂ ਦਾ ਭਾਰੀ ਸਟਾਕ ਬਚਿਆ ਹੋਇਆ ਹੈ। ਠੰਡ ਦੇ ਮੌਸਮ ਦੇ ਕੱਪੜਿਆਂ ਦੀ ਕਮਜ਼ੋਰ ਮੰਗ ਨੇ ਹੌਜ਼ਰੀ ਉਦਯੋਗ ਨੂੰ ਦਸੰਬਰ ਦੀ ਸ਼ੁਰੂਆਤ ’ਚ ਹੀ ਛੋਟ ਦੇਣ ਦੀ ਪੇਸ਼ਕਸ਼ ਕਰਨ ਲਈ ਮਜ਼ਬੂਰ ਕਰ ਦਿੱਤਾ।
ਆਮ ਤੌਰ ’ਤੇ ਹੌਜ਼ਰੀ ਖੇਤਰ ਦੇ ਵੱਡੇ ਬ੍ਰਾਂਡ ਦਸੰਬਰ ਦੇ ਆਖਰੀ ਹਫਤੇ ਜਾਂ ਜਨਵਰੀ ਦੇ ਪਹਿਲੇ ਹਫਤੇ ’ਚ ਛੋਟ ਦੇਣਾ ਸ਼ੁਰੂ ਕਰਦੇ ਹਨ। ਹਰ ਸਾਲ ਅਕਤੂਬਰ, ਨਵੰਬਰ ਅਤੇ ਦਸੰਬਰ ਲੁਧਿਆਣਾ ਦੇ ਹੌਜ਼ਰੀ ਖੇਤਰ ਲਈ ਕਾਫੀ ਅਹਿਮ ਮਹੀਨੇ ਮੰਨੇ ਜਾਂਦੇ ਹਨ। ਇੱਥੋਂ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਜੰਮੂ ਅਤੇ ਕਸ਼ਮੀਰ, ਬਿਹਾਰ ਅਤੇ ਪੂਰਬ ਉੱਤਰ ਦੇ ਕੁੱਝ ਸੂਬਿਆਂ ਨੂੰ ਸਪਲਾਈ ਕੀਤੀ ਜਾਂਦੀ ਹੈ।
ਲੁਧਿਆਣਾ ਸਰਦੀਆਂ ਦੇ ਕੱਪੜਿਆਂ ਜਿਵੇਂ ਜੈਕੇਟ, ਸਵੈਟਰ, ਥਰਮਲ, ਕਾਰਡੀਗਨ, ਪੁਲਓਵਰ, ਇਨਰ ਵੀਅਰ, ਸ਼ਾਲ ਆਦਿ ਲਈ ਪ੍ਰਸਿੱਧ ਹੈ। ਔਰਤਾਂ ਦੇ ਕੱਪੜਿਆਂ ਦੇ ਬ੍ਰਾਂਡ ਰੇਜ ਦੇ ਸ਼ਾਮ ਬੰਸਲ ਨੇ ਕਿਹਾ ਕਿ ਦੇਰੀ ਨਾਲ ਠੰਡ ਆਉਣ ਕਾਰਨ ਲੁਧਿਆਣਾ ’ਚ ਹੌਜ਼ਰੀ ਖੇਤਰ ਔਖੇ ਸਮੇਂ ਦਾ ਸਾਹਮਣਾ ਕਰ ਰਿਹਾ ਹੈ। ਇਕ ਹੋਰ ਹੌਜ਼ਰੀ ਨਿਰਮਾਤਾ ਨੇ ਕਿਹਾ ਕਿ ਇਸ ਮੌਸਮ ’ਚ ਥੋਕ ਵਿਕ੍ਰੇਤਾਵਾਂ ਅਤੇ ਪ੍ਰਚੂਨ ਵ੍ਰਿਕੇਤਾਵਾਂ ਵਲੋਂ ਕੱਪੜਿਆਂ ਦੀ ਮੰਗ ਕਾਫੀ ਘੱਟ ਰਹੀ। ਉਨ੍ਹਾਂ ਨੇ ਸਿਰਫ ਇਕ ਵਾਰ ਆਰਡਰ ਦਿੱਤਾ ਅਤੇ ਪ੍ਰਚੂਨ ਦੁਕਾਨਾਂ ’ਚ ਸਰਦੀਆਂ ਦੇ ਕੱਪੜਿਆਂ ਦੀ ਬਹੁਤ ਘੱਟ ਮੰਗ ਕਾਰਨ ਦੂਜੀ ਜਾਂ ਤੀਜੀ ਵਾਰ ਆਰਡਰ ਦੇਣ ਨਹੀਂ ਆਏ। ਹਾਲਾਂਕਿ ਪਿਛਲੇ ਕੁੱਝ ਦਿਨਾਂ ’ਚ ਉੱਤਰੀ ਖੇਤਰ ’ਚ ਕਈ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ’ਚ ਗਿਰਾਵਟ ਆਈ ਹੈ ਅਤੇ ਹੌਜ਼ਰੀ ਉਦਯੋਗ ਨੂੰ ਉਮੀਦ ਹੈ ਕਿ ਮੰਗ ’ਚ ਤੇਜ਼ੀ ਆ ਸਕਦੀ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News