ਸ਼ਹਿਦ 'ਚ ਮਿਲਾਵਟ ਨੂੰ ਰੋਕਣ ਲਈ ਚੀਨ ਤੋਂ ਸਿਰਪ ਦੀ ਦਰਾਮਦ ਹੋਵੇਗੀ ਬੰਦ!
Thursday, Dec 17, 2020 - 02:47 PM (IST)
ਨਵੀਂ ਦਿੱਲੀ- ਸਰਕਾਰ ਫਰਕਟੋਜ਼ ਸਿਰਪ ਦੀ ਦਰਾਮਦ 'ਤੇ ਪਾਬੰਦੀ ਲਾਉਣ 'ਤੇ ਵਿਚਾਰ ਕਰ ਰਹੀ ਹੈ, ਜਿਸ ਦੇ ਤੱਤ ਕਈ ਮਸ਼ਹੂਰ ਬ੍ਰਾਂਡਜ਼ ਤਹਿਤ ਵੇਚੇ ਗਏ ਸ਼ਹਿਦ ਵਿਚ ਮਿਲੇ ਸਨ। ਸੂਖਮ, ਛੋਟੇ ਤੇ ਦਰਮਿਆਨੇ ਉਦਯੋਗਾਂ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਤਾਜ਼ਾ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਇਸ ਦੀ ਦਰਾਮਦ 'ਤੇ ਰੋਕ ਲਾਉਣ ਦਾ ਮੁੱਦਾ ਚੁੱਕਿਆ ਹੈ, ਜਿਸ ਵਿਚ ਦਰਾਮਦ ਡਿਊਟੀ ਵਿਚ ਭਾਰੀ ਵਾਧਾ ਕਰਨ ਦੀ ਵੀ ਮੰਗ ਸ਼ਾਮਲ ਹੈ।
ਗਡਕਰੀ ਨੇ ਵਣਜ ਤੇ ਉਦਯੋਗ ਮੰਤਰੀ ਪਿਯੂਸ਼ ਗੋਇਲ ਨੂੰ ਲਿਖੇ ਇਕ ਪੱਤਰ ਵਿਚ ਕਿਹਾ, ''ਵੱਡੀ ਮਾਤਰਾ ਵਿਚ ਫਰਕਟੋਜ਼ ਸਿਰਪ ਚੀਨ ਤੋਂ ਦਰਾਮਦ ਕੀਤਾ ਜਾਂਦਾ ਹੈ ਅਤੇ ਇਸ ਨੂੰ ਵਿਆਪਕ ਤੌਰ 'ਤੇ ਬਾਜ਼ਾਰ ਵਿਚ ਸ਼ਹਿਦ ਵਿਚ ਮਿਲਾਵਟ ਲਈ ਵੇਚਿਆ ਜਾ ਰਿਹਾ ਹੈ, ਜਿਸ ਦਾ ਅਤਿ ਆਧੁਨਿਕ ਟੈਸਟਿੰਗ ਨਾਲ ਵੀ ਇਸ ਦਾ ਪਤਾ ਲਾਉਣਾ ਮੁਸ਼ਕਲ ਹੈ।''
ਉਨ੍ਹਾਂ ਕਿਹਾ ਕਿ ਇਹ ਸ਼ਹਿਦ ਦੇ ਉਦਯੋਗ ਲਈ ਗੰਭੀਰ ਖ਼ਤਰਾ ਪੈਦਾ ਕਰ ਰਿਹਾ ਹੈ ਅਤੇ ਜ਼ਿੰਦਗੀਆਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ।
ਗਡਕਰੀ ਨੇ ਇਹ ਮੁੱਦਾ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇ. ਵੀ. ਆਈ. ਸੀ.) ਦੇ ਸਮਰਥਨ ਵਿਚ ਉਠਾਇਆ ਹੈ, ਜੋ ਕਿ ਐੱਮ. ਐੱਸ. ਐੱਮ. ਈ. ਦਾ ਹਿੱਸਾ ਹੈ। ਕੇ. ਵੀ. ਆਈ. ਸੀ. ਨੇ ਵੀ ਫਰਕਟੋਜ਼ ਸਿਰਪ ਨੂੰ ਲੈ ਕੇ ਗੋਇਲ ਨਾਲ ਸੰਪਰਕ ਕੀਤਾ ਹੈ ਅਤੇ ਇਸ ਦੀ ਦਰਾਮਦ ਕਾਫ਼ੀ ਹੱਦ 'ਤੇ ਰੋਕਣ ਦੀ ਮੰਗ ਉਠਾਈ ਹੈ।
ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਚੇਅਰਮੈਨ ਵੀ. ਕੇ ਸਕਸੈਨਾ ਨੇ ਕਿਹਾ ਕਿ ਸ਼ਹਿਦ ਦੀ ਅਜਿਹੀ ਮਿਲਾਵਟ ਨਾ ਸਿਰਫ ਜਨਤਕ ਸਿਹਤ ਲਈ ਖਤਰਾ ਪੈਦਾ ਕਰਦੀ ਹੈ ਸਗੋਂ ਸ਼ਹਿਦ ਦੇ ਉਦਯੋਗ ਨੂੰ ਹੁਲਾਰਾ ਦੇਣ ਲਈ ਸਰਕਾਰ ਦੇ ਸੁਹਿਰਦ ਯਤਨਾਂ 'ਤੇ ਵੀ ਮਾੜਾ ਅਸਰ ਪਾਉਂਦੀ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਸੀ.ਐੱਸ. ਈ. ਨੇ ਕਿਹਾ ਸੀ ਕਿ ਉਸ ਦੇ ਟੈਸਟਾਂ ਤੋਂ ਪਤਾ ਚੱਲਿਆ ਹੈ ਕਿ 13 ਵਿਚੋਂ 10 ਬ੍ਰਾਂਡਜ਼ ਦੇ ਸ਼ਹਿਦ ਮਿਲਾਵਟੀ ਸਨ।