ਇਸ ਦੇਸ਼ ''ਚ ਹੁਣ ਨਹੀਂ ਵਿਕਣਗੀਆਂ ਹੋਂਡਾ ਦੀਆਂ ਕਾਰਾਂ! 23 ਸਾਲਾਂ ਬਾਅਦ ਕੰਪਨੀ ਨੇ ਲਿਆ ਫੈਸਲਾ

Saturday, Apr 25, 2026 - 06:09 PM (IST)

ਇਸ ਦੇਸ਼ ''ਚ ਹੁਣ ਨਹੀਂ ਵਿਕਣਗੀਆਂ ਹੋਂਡਾ ਦੀਆਂ ਕਾਰਾਂ! 23 ਸਾਲਾਂ ਬਾਅਦ ਕੰਪਨੀ ਨੇ ਲਿਆ ਫੈਸਲਾ

ਆਟੋ ਡੈਸਕ- ਜਾਪਾਨ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਹੋਂਡਾ ਮੋਟਰ ਕੰਪਨੀ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਦੱਖਣੀ ਕੋਰੀਆ ਦੇ ਬਾਜ਼ਾਰ ਤੋਂ ਬਾਹਰ ਨਿਕਲਣ ਦਾ ਐਲਾਨ ਕਰ ਦਿੱਤਾ ਹੈ। ਕੰਪਨੀ 2026 ਦੇ ਅੰਤ ਤੱਕ ਉੱਥੇ ਆਪਣੇ ਸੈਲਸ ਆਪਰੇਸ਼ਨ ਪੂਰੀ ਤਰ੍ਹਾਂ ਬੰਦ ਕਰ ਦੇਵੇਗੀ।

ਕੀ ਹੈ ਕਾਰੋਬਾਰ ਬੰਦ ਕਰਨ ਦਾ ਕਾਰਨ? 

ਰਿਪੋਰਟਾਂ ਮੁਤਾਬਕ, ਹੋਂਡਾ ਦੇ ਇਸ ਫੈਸਲੇ ਦਾ ਸਭ ਤੋਂ ਵੱਡਾ ਕਾਰਨ ਉੱਥੇ ਲਗਾਤਾਰ ਘਟ ਰਹੀ ਵਿਕਰੀ ਹੈ। ਜਾਣਕਾਰੀ ਅਨੁਸਾਰ ਸਾਲ 2025 ਵਿੱਚ ਕੰਪਨੀ ਪੂਰੇ ਸਾਲ ਦੌਰਾਨ ਦੱਖਣੀ ਕੋਰੀਆ ਵਿੱਚ 2,000 ਕਾਰਾਂ ਵੀ ਨਹੀਂ ਵੇਚ ਸਕੀ। ਮਾਰਚ 2026 ਦੇ ਮਹੀਨੇ ਵਿੱਚ ਤਾਂ ਹੋਂਡਾ ਦੀਆਂ ਸਿਰਫ਼ 84 ਕਾਰਾਂ ਹੀ ਵਿਕੀਆਂ ਸਨ। ਇਸ ਦੀ ਤੁਲਨਾ ਵਿੱਚ ਅਮਰੀਕੀ ਬਾਜ਼ਾਰ ਵਿੱਚ ਹੋਂਡਾ ਦੀ ਸਥਿਤੀ ਕਾਫੀ ਮਜ਼ਬੂਤ ਹੈ, ਜਿੱਥੇ ਸਿਰਫ਼ ਮਾਰਚ ਮਹੀਨੇ ਵਿੱਚ ਹੀ ਹੋਂਡਾ ਅਕੌਰਡ ਦੀਆਂ 13,000 ਯੂਨਿਟਸ ਵਿਕੀਆਂ ਸਨ।

ਹੋਂਡਾ ਨੇ ਸਾਲ 2004 ਵਿੱਚ ਦੱਖਣੀ ਕੋਰੀਆ ਦੇ ਬਾਜ਼ਾਰ ਵਿੱਚ ਐਂਟਰੀ ਕੀਤੀ ਸੀ ਅਤੇ ਅਕੌਰਡ (Accord) ਤੇ ਸੀ.ਆਰ.-ਵੀ. (CR-V) ਵਰਗੇ ਮਾਡਲ ਪੇਸ਼ ਕੀਤੇ ਸਨ। ਹਾਲਾਂਕਿ, ਪਿਛਲੇ 23 ਸਾਲਾਂ ਵਿੱਚ ਕੰਪਨੀ ਉੱਥੇ ਆਪਣੀ ਮਜ਼ਬੂਤ ਪਕੜ ਨਹੀਂ ਬਣਾ ਸਕੀ। ਇਸ ਦਾ ਮੁੱਖ ਕਾਰਨ ਉੱਥੋਂ ਦੀਆਂ ਸਥਾਨਕ ਕੰਪਨੀਆਂ ਹੁੰਡਈ (Hyundai) ਅਤੇ ਕੀਆ (Kia) ਤੋਂ ਮਿਲ ਰਹੀ ਸਖਤ ਪ੍ਰਤੀਯੋਗਤਾ ਹੈ। ਇਸ ਤੋਂ ਇਲਾਵਾ ਜਰਮਨ ਬ੍ਰਾਂਡਾਂ ਨੇ ਵੀ ਹੋਂਡਾ ਲਈ ਚੁਣੌਤੀਆਂ ਖੜ੍ਹੀਆਂ ਕੀਤੀਆਂ ਹੋਈਆਂ ਸਨ।

ਹੋਂਡਾ ਨੇ ਸਪੱਸ਼ਟ ਕੀਤਾ ਹੈ ਕਿ ਭਾਵੇਂ ਉਹ ਕਾਰਾਂ ਦੀ ਵਿਕਰੀ ਬੰਦ ਕਰ ਰਹੀ ਹੈ, ਪਰ ਮੌਜੂਦਾ ਗਾਹਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕੰਪਨੀ ਦੱਖਣੀ ਕੋਰੀਆ ਵਿੱਚ ਆਪਣੇ ਗਾਹਕਾਂ ਨੂੰ ਆਫਟਰ ਸੇਲ ਸਰਵਿਸ, ਸਪੇਅਰ ਪਾਰਟਸ ਦੀ ਸਪਲਾਈ ਅਤੇ ਵਾਰੰਟੀ ਸਬੰਧੀ ਸਹੂਲਤਾਂ ਦੇਣਾ ਜਾਰੀ ਰੱਖੇਗੀ।

ਕੰਪਨੀ ਮੁਤਾਬਕ ਇਹ ਫੈਸਲਾ ਉਨ੍ਹਾਂ ਦੇ ਗਲੋਬਲ ਸਰੋਤਾਂ ਨੂੰ ਮੁੜ ਵਿਵਸਥਿਤ ਕਰਨ ਅਤੇ ਲੰਬੇ ਸਮੇਂ ਦੀ ਮੁਕਾਬਲੇਬਾਜ਼ੀ 'ਤੇ ਧਿਆਨ ਕੇਂਦਰਿਤ ਕਰਨ ਲਈ ਲਿਆ ਗਿਆ ਹੈ।
 


author

Rakesh

Content Editor

Related News