ਦੇਸ਼ ਦੇ ਪ੍ਰਮੁੱਖ 8 ਸ਼ਹਿਰਾਂ ''ਚ ਜੁਲਾਈ-ਸਤੰਬਰ ''ਚ ਘਰਾਂ ਦੀ ਵਿਕਰੀ 57 ਫੀਸਦੀ ਘਟੀ

10/14/2020 7:41:10 PM

ਨਵੀਂ ਦਿੱਲੀ– ਦੇਸ਼ ਦੇ 8 ਪ੍ਰਮੁੱਖ ਸ਼ਹਿਰਾਂ 'ਚ ਜੁਲਾਈ-ਸਤੰਬਰ ਦੀ ਤਿਮਾਹੀ ਦੌਰਾਨ ਘਰਾਂ ਦੀ ਵਿਕਰੀ 'ਚ ਸਾਲਾਨਾ ਆਧਾਰ 'ਤੇ 57 ਫੀਸਦੀ ਦੀ ਵੱਡੀ ਗਿਰਾਵਟ ਆਈ ਹੈ। ਇਸ ਦੌਰਾਨ ਘਰਾਂ ਦੀ ਵਿਕਰੀ ਦਾ ਅੰਕੜਾ ਘੱਟ ਕੇ 35,132 ਇਕਾਈ ਰਹਿ ਗਈ। ਜੁਲਾਈ-ਸਤੰਬਰ 2019 ਦੌਰਾਨ 8 ਪ੍ਰਮੁੱਖ ਸ਼ਹਿਰਾਂ 'ਚ ਰਿਹਾਇਸ਼ੀ ਇਕਾਈਆਂ ਦੀ ਵਿਕਰੀ 81,886 ਇਕਾਈ ਰਹੀ ਸੀ।
ਰਿਅਲ ਅਸਟੇਟ ਬ੍ਰੋਕਰੇਜ਼ ਕੰਪਨੀ ਪ੍ਰਾਪਟਾਈਗਰ ਦੀ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਹਾਲਾਂਕਿ ਇਸ ਤੋਂ ਪਿਛਲੀ ਯਾਨੀ ਅਪ੍ਰੈਲ-ਜੂਨ ਦੀ ਤਿਮਾਹੀ ਦੀ ਤੁਲਨਾ ਕੀਤੀ ਜਾਏ ਤਾਂ ਜੁਲਾਈ-ਸਤੰਬਰ ਦੌਰਾਨ ਘਰਾਂ ਦੀ ਵਿਕਰੀ ’ਚ ਜ਼ਿਕਰਯੋਗ ਸੁਧਾਰ ਦਰਜ ਹੋਇਆ ਹੈ। ਨਿਊਜ਼ ਕਾਰਪ ਸਮਰਥਿਤ ਪ੍ਰਾਪਟਾਈਗਰ ਨੇ ਵੀਡੀਓ ਕਾਨਫਰੰਸ ਰਾਹੀਂ ‘ਰਿਅਲ ਇਨਸਾਈਟ ਕਿਊ3-2020’ ਰਿਪੋਰਟ ਜਾਰੀ ਕੀਤੀ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਅਪ੍ਰੈਲ-ਜੂਨ ਦੀ ਤਿਮਾਹੀ ਦੀ ਤੁਲਨਾ ’ਚ ਜੁਲਾਈ-ਸਤੰਬਰ ਦੀ ਤਿਮਾਹੀ ’ਚ ਘਰਾਂ ਦੀ ਵਿਕਰੀ 85 ਫੀਸਦੀ ਵਧੀ ਹੈ। ਇਸ ਦਾ ਮੁੱਖ ਕਾਰਨ ਦੱਬੀ ਮੰਗ ਹੈ।

ਪ੍ਰਾਪਟਾਈਗਰ ਦੀ ਰਿਪੋਰਟ 'ਚ 8 ਸ਼ਹਿਰਾਂ ਅਹਿਮਦਾਬਾਦ, ਬੇਂਗਲੁਰੂ, ਚੇਨੱਈ, ਹੈਦਰਾਬਾਦ, ਕੋਲਕਾਤਾ, ਦਿੱਲੀ-ਐੱਨ. ਸੀ. ਆਰ., ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.) ਅਤੇ ਪੁਣੇ ਦੇ ਅੰਕੜਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰਾਪਟਾਈਗਰ ਐਂਡ ਹਾਊਸਿੰਗ ਡਾਟ ਕਾਮ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਧਰੁਵ ਅਗਰਵਾਲ ਨੇ ਕਿਹਾ ਕਿ ਰਿਹਾਇਸ਼ ਸਣੇ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਦੀ ਸਥਿਤੀ ’ਚ ਹੁਣ ਸੁਧਾਰ ਹੋ ਰਿਹਾ ਹੈ। ਹਾਲਾਂਕਿ ਵਿਕਰੀ ਅਤੇ ਨਵੀਆਂ ਯੋਜਨਾਵਾਂ ਦੀ ਪੇਸ਼ਕਸ਼ 'ਚ ਸਾਲਾਨਾ ਆਧਾਰ 'ਤੇ ਗਿਰਾਵਟ ਆਈ ਹੈ ਪਰ ਅਪ੍ਰੈਲ-ਜੂਨ ਦੀ ਤਿਮਾਹੀ ਦੀ ਤੁਲਨਾ 'ਚ ਮੰਗ ਅਤੇ ਸਪਲਾਈ 'ਚ ਜ਼ਿਕਰਯੋਗ ਸੁਧਾਰ ਹੋਇਆ ਹੈ।


Sanjeev

Content Editor

Related News