ਗੁੱਡ ਨਿਊਜ਼ : 59 ਮਿੰਟ ਵਿਚ ਮਿਲੇਗਾ ਹੋਮ-ਕਾਰ ਲੋਨ, SBI ਨੇ ਵੀ ਦਿੱਤਾ ਤੋਹਫਾ

08/21/2019 3:47:10 PM

ਨਵੀਂ ਦਿੱਲੀ— ਹੁਣ ਘਰ ਜਾਂ ਕਾਰ ਖਰੀਦਣ ਵਾਸਤੇ ਲੋਨ ਲੈਣ ਲਈ ਤੁਹਾਨੂੰ ਸਿਰਫ 59 ਮਿੰਟ ਦੀ ਹੀ ਉਡੀਕ ਕਰਨੀ ਪਵੇਗੀ। ਕਈ-ਕਈ ਦਿਨ ਬੈਂਕਾਂ ਦੇ ਚੱਕਰ ਕੱਟਣ ਤੋਂ ਵੀ ਛੁਟਕਾਰਾ ਮਿਲੇਗਾ ਅਤੇ ਤੁਸੀਂ ਇਕ ਵਾਰ 'ਚ ਹੀ ਬੈਂਕ ਜਾ ਕੇ ਲੋਨ ਲੈ ਸਕੋਗੇ। ਸਰਕਾਰੀ ਬੈਂਕਾਂ ਨੇ ਇਸ ਸਕੀਮ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਤੁਹਾਡੀ ਵੱਡੀ ਮੁਸ਼ਕਲ ਦਾ ਹੱਲ ਹੋਣ ਜਾ ਰਿਹਾ ਹੈ।

 

 

ਉੱਥੇ ਹੀ, ਇਸ ਵਿਚਕਾਰ ਭਾਰਤੀ ਸਟੇਟ ਬੈਂਕ ਨੇ ਤਿਉਹਾਰੀ ਸੀਜ਼ਨ ਨੂੰ ਦੇਖਦੇ ਹੋਏ ਹੋਮ ਤੇ ਕਾਰ ਲੋਨ 'ਤੇ ਪ੍ਰੋਸੈਸਿੰਗ ਫੀਸ 'ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਭਾਰਤੀ ਸਟੇਟ ਬੈਂਕ ਦੇ ਡਿਜੀਟਲ ਪਲੇਟਫਾਰਮ ਯੋਨੋ ਜਾਂ ਵੈੱਬਸਾਈਟ ਜ਼ਰੀਏ ਕਾਰ ਲੋਨ ਲੈਣ ਵਾਲੇ ਗਾਹਕਾਂ ਨੂੰ ਵਿਆਜ ਦਰ 'ਚ 0.25 ਫੀਸਦੀ ਦੀ ਛੋਟ ਮਿਲੇਗੀ। ਤਨਖਾਹਾਂ ਵਾਲੇ ਗਾਹਕ ਕਾਰ ਕੀਮਤ ਦਾ 90 ਫੀਸਦੀ ਤਕ ਲੋਨ ਲੈ ਸਕਦੇ ਹਨ।

ਓਧਰ ਜਲਦ ਹੀ psbloansin59minutes 'ਤੇ ਬਿਜ਼ਨੈੱਸ ਲਈ ਹੀ ਨਹੀਂ ਸਗੋਂ ਕਾਰ ਤੇ ਹੋਮ ਲੋਨ ਲਈ ਵੀ ਅਪਲਾਈ ਕੀਤਾ ਜਾ ਸਕੇਗਾ। ਸਰਕਾਰੀ ਬੈਂਕਾਂ ਨੇ ਇਹ ਸੁਵਿਧਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਫਿਲਹਾਲ ਇਸ ਪੋਰਟਲ 'ਤੇ ਛੋਟੇ ਉਦਯੋਗਾਂ ਨੂੰ ਸਿਰਫ 59 ਮਿੰਟ 'ਚ 1 ਕਰੋੜ ਰੁਪਏ ਤਕ ਦਾ ਲੋਨ ਦੇਣ ਦੀ ਸਕੀਮ ਉਪਲੱਬਧ ਹੈ। ਹਾਲਾਂਕਿ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਯੂਨੀਅਨ ਬੈਂਕ ਆਫ ਇੰਡੀਆ, ਓਰੀਐਂਟਲ ਬੈਂਕ ਆਫ ਕਾਮਰਸ, ਕਾਰਪੋਰੇਸ਼ਨ ਬੈਂਕ ਅਤੇ ਆਂਧਰਾ ਬੈਂਕ ਨੇ ਇਸ ਲਿਮਟ ਨੂੰ ਵਧਾ ਕੇ 5 ਕਰੋੜ ਰੁਪਏ ਤਕ ਕਰ ਦਿੱਤਾ ਹੈ। 
ਬੈਂਕ ਆਫ ਇੰਡੀਆ ਦੇ ਜਨਰਲ ਮੈਨੇਜਰ ਸਲਿਲ ਕੁਮਾਰ ਨੇ ਕਿਹਾ ਕਿ ਬੈਂਕ ਰਿਟੇਲ ਲੋਨ 'ਤੇ ਕੰਮ ਕਰ ਰਿਹਾ ਹੈ। ਜਲਦ ਹੀ 59 ਮਿੰਟ 'ਚ ਹੋਮ ਤੇ ਕਾਰ ਲੋਨ ਵੀ ਗਾਹਕਾਂ ਨੂੰ ਉਪਲੱਬਧ ਕਰਾਏ ਜਾਣਗੇ। ਉੱਥੇ ਹੀ, ਇੰਡੀਅਨ ਓਵਰਸੀਜ਼ ਬੈਂਕ ਵੀ ਇਸ ਸਕੀਮ 'ਤੇ ਕੰਮ ਕਰ ਰਿਹਾ ਹੈ। ਫਿਲਹਾਲ ਮਨਜ਼ੂਰੀ ਪੱਤਰ ਮਿਲਣ ਮਗਰੋਂ ਵੀ ਲੋਨ ਦੀ ਰਾਸ਼ੀ ਜਾਰੀ ਹੋਣ 'ਚ 7-8 ਦਿਨ ਤਕ ਦਾ ਸਮਾਂ ਲੱਗ ਜਾਂਦਾ ਹੈ। ਹਾਲਾਂਕਿ ਇਹ ਜ਼ਰੂਰ ਹੈ ਕਿ ਇਸ ਪੋਰਟਲ 'ਤੇ ਲੋਨ ਲੈਣ 'ਚ ਕਾਫੀ ਸੌਖਾਈ ਹੋਈ ਹੈ। ਬੈਂਕਾਂ ਵੱਲੋਂ ਯੋਗ ਪਾਤਰਾਂ ਨੂੰ 59 ਮਿੰਟ 'ਚ ਮਨਜ਼ੂਰੀ ਪੱਤਰ ਦੇ ਦਿੱਤਾ ਜਾਂਦਾ ਹੈ।


Related News