ਤਿਉਹਾਰੀ ਮੌਸਮ 'ਚ ਹੀਰੋ ਮੋਟੋਕਾਰਪ ਨੇ ਵੇਚੇ 14 ਲੱਖ ਮੋਟਰਸਾਈਕਲ ਤੇ ਸਕੂਟਰ
Wednesday, Nov 18, 2020 - 08:36 PM (IST)
ਨਵੀਂ ਦਿੱਲੀ- ਤਿਉਹਾਰੀ ਮੌਸਮ ਵਿਚ ਹੀਰੋ ਮੋਟੋਕਾਰਪ ਦੀ ਪ੍ਰਚੂਨ ਵਿਕਰੀ ਸ਼ਾਨਦਾਰ ਰਹੀ। ਇਸ ਦੌਰਾਨ ਹੀਰੋ ਮੋਟੋਕਾਰਪ ਨੇ 14 ਲੱਖ ਤੋਂ ਵੱਧ ਮੋਟਰਸਾਈਕਲ ਤੇ ਸਕੂਟਰ ਪ੍ਰਚੂਨ ਵਿਚ ਵੇਚੇ ਹਨ। ਦੋਪਹੀਆ ਵਾਹਨ ਬਾਜ਼ਾਰ ਦੀ ਮੋਹਰੀ ਕੰਪਨੀ ਹੀਰੋ ਮੋਟੋਕਾਰਪ ਨੇ ਬੁੱਧਵਾਰ ਇਸ ਦੀ ਜਾਣਕਾਰੀ ਦਿੱਤੀ।
ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਸਾਲ ਨਰਾਤਿਆਂ ਦੇ ਪਹਿਲੇ ਦਿਨ ਤੋਂ ਲੈ ਕੇ ਭਾਈ ਦੂਜ ਤੱਕ ਦੇ 32 ਦਿਨਾਂ ਦੇ ਤਿਉਹਾਰੀ ਮੌਸਮ ਵਿਚ ਹੀਰੋ ਮੋਟਰਸਾਈਕਲ ਤੇ ਸਕੂਟਰਾਂ ਦੀ ਪ੍ਰਚੂਨ ਵਿਕਰੀ ਪਿਛਲੇ ਸਾਲ ਯਾਨੀ 2019 ਦੀ ਇਸੇ ਮਿਆਦ ਨਾਲੋਂ 98 ਫ਼ੀਸਦੀ ਵੱਧ ਰਹੀ ਅਤੇ 2018 ਦੀ ਇਸੇ ਮਿਆਦ ਨਾਲੋਂ ਇਹ 103 ਫ਼ੀਸਦੀ ਜ਼ਿਆਦਾ ਰਹੀ।
100 ਸੀ. ਸੀ. ਸਪਲੈਂਡਰ ਪਲੱਸ ਅਤੇ ਐੱਚ. ਐੱਫ. ਡੀਲਕਸ, 125 ਸੀ. ਸੀ. ਮੋਟਰਸਾਈਕਲ ਗਲੈਮਰ ਅਤੇ ਸੁਪਰ ਸਪਲੈਂਡਰ ਅਤੇ Xtreme 160R ਅਤੇ XPulse ਦੀ ਵਿਕਰੀ ਸ਼ਾਨਦਾਰ ਰਹੀ।
ਕੰਪਨੀ ਨੇ ਕਿਹਾ ਕਿ ਡਿਸਟਨੀ, ਪਲੈਜ਼ਰ ਸਕੂਟਰਾਂ ਦੀ ਵਿਕਰੀ ਵੀ ਜ਼ਬਰਦਸਤ ਹੋਈ। ਹੀਰੋ ਮੋਟੋ ਕਾਰਪ ਨੇ ਅੱਗੇ ਕਿਹਾ ਕਿ ਤਿਉਹਾਰਾਂ ਦੀ ਮਜਬੂਤ ਵਿਕਰੀ ਨੇ ਡੀਲਰਸ਼ਿਪ 'ਤੇ ਵਾਹਨਾਂ ਦੇ ਸਟਾਕ ਘੱਟ ਕਰਨ ਵਿਚ ਸਹਾਇਤਾ ਕੀਤੀ। ਕੰਪਨੀ ਨੇ ਕਿਹਾ ਕਿ ਕੋਵਿਡ-19 ਟੀਕਿਆਂ ਦੇ ਤੇਜ਼ੀ ਨਾਲ ਵਿਕਾਸ ਦੀਆਂ ਖ਼ਬਰਾਂ ਨਾਲ ਆਉਣ ਵਾਲੇ ਮਹੀਨਿਆਂ ਵਿਚ ਆਲਮੀ ਆਰਥਿਕਤਾ ਦੇ ਤੇਜ਼ੀ ਨਾਲ ਵਾਪਸੀ ਕਰਨ ਦੀ ਸੰਭਾਵਨਾ ਹੈ।