HDFC ਨੇ ਬੇਸ ਰੇਟ 0.15 ਫੀਸਦੀ ਵਧਾਇਆ, ਤੁਹਾਡੀ EMI 'ਚ ਹੋਵੇਗਾ ਵਾਧਾ

12/10/2018 2:33:14 PM

ਨਵੀਂ ਦਿੱਲੀ— ਨਿੱਜੀ ਖੇਤਰ ਦੇ ਦਿੱਗਜ ਐੱਚ. ਡੀ. ਐੱਫ. ਸੀ. ਬੈਂਕ ਨੇ ਬੇਸ ਰੇਟ 0.15 ਫੀਸਦੀ ਵਧਾ ਕੇ 9.30 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੈਂਕ ਦਾ ਬੇਸ ਰੇਟ 9.15 ਫੀਸਦੀ ਸੀ। ਇਸ ਨਾਲ ਉਨ੍ਹਾਂ ਗਾਹਕਾਂ ਦੀ ਈ. ਐੱਮ. ਆਈ. ਵਧ ਗਈ ਹੈ ਜਿਨ੍ਹਾਂ ਦਾ ਕਰਜ਼ਾ ਬੇਸ ਰੇਟ ਨਾਲ ਲਿੰਕਡ ਅਤੇ ਫਲੋਟਿੰਗ ਰੇਟ 'ਤੇ ਚੱਲ ਰਿਹਾ ਹੈ। 

ਇਨ੍ਹਾਂ ਗਾਹਕਾਂ ਨੂੰ ਕਾਰ ਲੋਨ, ਬਿਜ਼ਨਸ ਲੋਨ ਅਤੇ ਪਰਸਨਲ ਲੋਨ ਦੀ ਈ. ਐੱਮ. ਆਈ. ਲਈ ਅਗਲੇ ਮਹੀਨੇ ਤੋਂ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ। ਬੈਂਕ ਵੱਲੋਂ ਨਵਾਂ ਬੇਸ ਰੇਟ 10 ਦਸੰਬਰ 2018 ਤੋਂ ਪ੍ਰਭਾਵੀ ਹੋ ਗਿਆ ਹੈ।
ਹਾਲਾਂਕਿ ਬੈਂਕ ਦੇ ਇਸ ਕਦਮ ਦਾ ਅਸਰ ਨਵਾਂ ਕਰਜ਼ਾ ਲੈਣ ਵਾਲੇ ਗਾਹਕਾਂ 'ਤੇ ਨਹੀਂ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਬੈਂਕ ਨਵੇਂ ਲੋਨ ਐੱਮ. ਸੀ. ਐੱਲ. ਆਰ. 'ਤੇ ਦਿੰਦਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਅਪ੍ਰੈਲ 2016 ਤੋਂ ਫੰਡ ਦੀ ਲਾਗਤ ਆਧਾਰਿਤ ਕਰਜ਼ ਦਰ (ਐੱਮ. ਸੀ. ਐੱਲ. ਆਰ.) ਦਾ ਐਲਾਨ ਕੀਤਾ ਸੀ। ਮੌਜੂਦਾ ਸਮੇਂ ਐੱਮ. ਸੀ. ਐੱਲ. ਆਰ. ਬੈਂਚਮਾਰਕ ਰੇਟ ਹੈ, ਜਿਸ ਤੋਂ ਘਟ ਦਰ 'ਤੇ ਬੈਂਕ ਕਰਜ਼ਾ ਨਹੀਂ ਦੇ ਸਕਦੇ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਭਾਰਤੀ ਸਟੇਟ ਬੈਂਕ ਨੇ ਐੱਮ. ਸੀ. ਐੱਲ. ਆਰ. ਦਰਾਂ 'ਚ 0.05 ਫੀਸਦੀ ਦਾ ਵਾਧਾ ਕੀਤਾ ਹੈ।


Related News