HDFC ਬੈਂਕ ਹੁਣ ਪਾਸਬੁੱਕ 'ਤੇ ਲਿਖ ਰਿਹੈ 1 ਲੱਖ ਤੋਂ ਵੱਧ ਦੀ ਜ਼ਿੰਮੇਵਾਰੀ ਨਹੀਂ

10/17/2019 7:55:20 AM

ਨਵੀਂ ਦਿੱਲੀ, (ਜ. ਬ.)— ਪੰਜਾਬ ਅਤੇ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ 'ਚ ਹੋਏ ਘਪਲੇ ਤੋਂ ਬਾਅਦ ਬੈਂਕ ਦੇ 2 ਖਾਤਾਧਾਰਕਾਂ ਦੀ ਮੌਤ ਤੋਂ ਬਾਅਦ ਬੈਂਕ ਹੁਣ ਚੌਕਸ ਹੋ ਗਏ ਹਨ।ਬੈਂਕਾਂ ਨੇ ਖਾਤਾਧਾਰਕਾਂ ਦੀ ਪਾਸਬੁੱਕ 'ਤੇ ਡੀ. ਆਈ. ਸੀ. ਜੀ. ਸੀ. ਕਲਾਜ਼ ਦਾ ਹਵਾਲਾ ਦੇ ਕੇ ਖਾਤਾਧਾਰਕਾਂ ਦੀ ਇਕ ਲੱਖ ਰੁਪਏ ਤੋਂ ਉੱਤੇ ਦੀ ਰਕਮ ਦੀ ਜ਼ਿੰਮੇਵਾਰੀ ਲੈਣ ਤੋਂ ਮਨ੍ਹਾ ਕਰ ਦਿੱਤਾ ਹੈ।ਐੱਚ. ਡੀ. ਐੱਫ. ਸੀ. ਬੈਂਕ ਨੇ ਇਸ ਦੀ ਸ਼ੁਰੂਆਤ ਕੀਤੀ ਹੈ।

 

ਬੈਂਕ ਨੇ ਖਾਤਾਧਾਰਕਾਂ ਦੀ ਪਾਸਬੁੱਕ 'ਤੇ ਡਿਸਕਲੇਮਰ ਦੇ ਰੂਪ 'ਚ ਲਿਖਿਆ ਹੈ ਬੈਂਕ ਦੇ ਖਾਤਾਧਾਰਕਾਂ ਵੱਲੋਂ ਜਮ੍ਹਾ ਕੀਤੀ ਗਈ ਰਕਮ ਦਾ ਡੀ. ਆਈ. ਸੀ. ਜੀ. ਸੀ. ਕੋਲ ਬੀਮਾ ਹੋਇਆ ਹੈ ਅਤੇ ਜੇਕਰ ਬੈਂਕ ਦਾ ਲਿਕਵੀਡੇਸ਼ਨ ਹੁੰਦਾ ਹੈ ਤਾਂ ਡੀ. ਆਈ. ਸੀ. ਜੀ. ਸੀ. ਖਾਤਾਧਾਰਕਾਂ ਦਾ ਪੈਸਾ ਦੇਣ ਲਈ ਜ਼ਿੰਮੇਵਾਰ ਹੈ।ਖਾਤਾਧਾਰਕ ਦੀ 1 ਲੱਖ ਰੁਪਏ ਤੱਕ ਦੀ ਰਕਮ ਲਈ ਬੈਂਕ ਜ਼ਿੰਮੇਵਾਰ ਹੈ ਅਤੇ ਇਹ ਜ਼ਿੰਮੇਵਾਰੀ ਲਿਕਵੀਡੇਟਰ ਵੱਲੋਂ ਦਿੱਤੀ ਗਈ ਦਾਅਵੇਦਾਰਾਂ ਦੀ ਸੂਚੀ ਅਨੁਸਾਰ ਹੀ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ 'ਚ ਗੜਬੜੀ ਸਾਹਮਣੇ ਆਉਣ ਤੋਂ ਬਾਅਦ ਖਾਤਾਧਾਰਕ ਆਪਣੇ ਪੈਸੇ ਲਈ ਮਾਰੇ-ਮਾਰੇ ਘੁੰਮ ਰਹੇ ਹਨ ਅਤੇ ਇਕ ਸਮੇਂ ਤਾਂ ਬੈਂਕ ਦੇ ਖਾਤਾਧਾਰਕਾਂ ਨੂੰ ਬੈਂਕ ਵੱਲੋਂ 1000 ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਕੱਢਣ 'ਤੇ ਰੋਕ ਵੀ ਲਾ ਦਿੱਤੀ ਗਈ ਸੀ। ਹਾਲਾਂਕਿ ਬਾਅਦ 'ਚ ਪੈਸਾ ਕੱਢਣ ਦੀ ਰਕਮ ਨੂੰ ਵਧਾ ਦਿੱਤਾ ਗਿਆ ਪਰ ਘਪਲੇ ਤੋਂ ਬਾਅਦ ਹਜ਼ਾਰਾਂ ਖਾਤਾਧਾਰਕਾਂ ਦਾ ਪੈਸਾ ਬੈਂਕ ਕੋਲ ਫਸਿਆ ਹੋਇਆ ਹੈ।''


ਆਰ. ਬੀ. ਆਈ. ਦੀ ਸਹਿਯੋਗੀ ਹੈ ਡੀ. ਆਈ. ਸੀ. ਜੀ. ਸੀ.
ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਗਾਰੰਟੀ ਕਾਰਪੋਰੇਸ਼ਨ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਹਿਯੋਗੀ ਸੰਸਥਾ ਹੈ ਅਤੇ ਦੇਸ਼ ਦੇ ਸਾਰੇ ਕਮਰਸ਼ੀਅਲ ਬੈਂਕ ਅਤੇ ਕੋਆਪ੍ਰੇਟਿਵ ਬੈਂਕਾਂ 'ਚ ਜਮ੍ਹਾ ਹੋਣ ਵਾਲੇ ਪੈਸੇ ਦਾ ਡੀ. ਆਈ. ਸੀ. ਜੀ. ਸੀ. ਕੋਲ ਬੀਮਾ ਹੁੰਦਾ ਹੈ। ਬੈਂਕਾਂ ਦੇ ਸੇਵਿੰਗ ਅਕਾਊਂਟ, ਕਰੰਟ ਅਕਾਊਂਟ ਅਤੇ ਫਿਕਸ ਡਿਪਾਜ਼ਿਟ ਤੋਂ ਇਲਾਵਾ ਹੋਰ ਹਰ ਤਰ੍ਹਾਂ ਦੀ ਜਮ੍ਹਾ 'ਤੇ ਡੀ. ਆਈ. ਸੀ. ਜੀ. ਸੀ. ਬੀਮਾ ਦਿੰਦਾ ਹੈ। ਡੀ. ਆਈ. ਸੀ. ਜੀ. ਸੀ. ਦੀ ਵੈੱਬਸਾਈਟ ਮੁਤਾਬਕ ਵੀ ਜੇਕਰ ਬੈਂਕ ਦਾ ਲਾਇਸੈਂਸ ਰੱਦ ਹੋ ਜਾਂਦਾ ਹੈ ਜਾਂ ਬੈਂਕ ਦਾ ਰਲੇਵਾਂ ਹੋ ਜਾਂਦਾ ਹੈ ਜਾਂ ਲਿਕਵੀਡੇਸ਼ਨ ਦੀ ਸਮੱਸਿਆ ਆਉਂਦੀ ਹੈ ਤਾਂ ਬੈਂਕਾਂ 'ਚ ਜਮ੍ਹਾ ਹੋਈ 1 ਲੱਖ ਰੁਪਏ ਤੱਕ (ਵਿਆਜ ਸਮੇਤ) ਦੀ ਰਕਮ ਦਾ ਹੀ ਦਾਅਵਾ ਕੀਤਾ ਜਾ ਸਕਦਾ ਹੈ।


Related News