ਬੈਂਕ ''ਚ ਹੈ ਇਕ ਤੋਂ ਵਧ ਬਚਤ ਖਾਤਾ, ਤਾਂ ਹੋ ਸਕਦੀ ਹੈ ਪ੍ਰੇਸ਼ਾਨੀ!
Sunday, Aug 20, 2017 - 09:55 AM (IST)

ਨਵੀਂ ਦਿੱਲੀ— ਬੈਂਕ ਇਕ ਤੋਂ ਵਧ ਬਚਤ ਖਾਤੇ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੇ ਹਨ। ਆਧਾਰ ਨਾਲ ਖਾਤੇ ਨੂੰ ਜੋੜਨ ਦੇ ਬਾਅਦ ਬੈਕਾਂ ਨੂੰ ਇਹ ਜਾਣਕਾਰੀ ਮਿਲ ਰਹੀ ਹੈ ਕਿ ਲੋਕ ਵਿੱਤੀ ਲੈਣ-ਦੇਣ ਕਿੱਥੇ-ਕਿੱਥੇ ਕਰ ਰਹੇ ਹਨ। ਹਾਲਾਂਕਿ ਅਜੇ ਤਕ ਖਾਤੇ ਬੰਦ ਨਹੀਂ ਕੀਤੇ ਗਏ ਹਨ ਪਰ ਪਹਿਲਾਂ ਹੀ ਇਕ ਬਚਤ ਖਾਤਾ ਹੋਣ ਦੇ ਬਾਅਦ ਦੂਜਾ ਨਵਾਂ ਖਾਤਾ ਖੋਲ੍ਹਣ 'ਚ ਪ੍ਰੇਸ਼ਾਨੀ ਹੋ ਸਕਦੀ ਹੈ। ਫਿਲਹਾਲ ਆਰ. ਬੀ. ਆਈ. ਨੇ ਬੈਂਕਾਂ ਨੂੰ ਬਚਤ ਖਾਤੇ ਸੀਮਤ ਕਰਨ ਦੇ ਕੋਈ ਹੁਕਮ ਨਹੀਂ ਦਿੱਤੇ ਹਨ। ਹਾਲਾਂਕਿ ਇਕ ਬੈਂਕ ਅਧਿਕਾਰੀ ਮੁਤਾਬਕ, 2 ਖਾਤੇ ਰੱਖੇ ਜਾ ਸਕਦੇ ਹਨ ਪਰ ਖਾਤੇ 'ਚ ਬੈਲੰਸ ਜ਼ਰੂਰ ਹੋਣਾ ਚਾਹੀਦਾ ਹੈ। ਇਸੇ ਦੇ ਇਲਾਵਾ ਗਾਹਕ ਆਪਣੇ ਪਰਿਵਾਰ ਦੇ ਨਾਲ ਵੀ ਖਾਤਾ ਖੁੱਲ੍ਹਵਾ ਸਕਦੇ ਹਨ।
ਖਬਰਾਂ ਮੁਤਾਬਕ, ਬੈਂਕ ਚਾਹੁੰਦੇ ਹਨ ਕਿ ਇਕ ਵਿਅਕਤੀ ਦੇ ਨਾਮ ਇਕ ਹੀ ਬਚਤ ਖਾਤਾ ਹੋਵੇ। ਅਜੇ ਇਹ ਸਾਰੇ ਬੈਂਕ ਆਪਣੇ-ਆਪਣੇ ਪੱਧਰ 'ਤੇ ਕਰ ਰਹੇ ਹਨ। ਆਉਣ ਵਾਲੇ ਦਿਨਾਂ 'ਚ ਹੋ ਸਕਦਾ ਹੈ ਕਿ ਇਕ ਵਿਅਕਤੀ ਦੇ ਨਾਮ ਸਿਰਫ ਇਕ ਹੀ ਬਚਤ ਖਾਤਾ ਹੋਵੇ।
ਇਨ੍ਹਾਂ 'ਤੇ ਨਹੀਂ ਪਵੇਗਾ ਅਸਰ
ਜੇਕਰ ਕਿਸੇ ਵਿਅਕਤੀ ਦਾ ਬੈਂਕ 'ਚ ਬਚਤ ਖਾਤੇ ਦੇ ਇਲਾਵਾ ਚਾਲੂ ਖਾਤਾ ਜਾਂ ਸਾਂਝਾ ਖਾਤਾ ਹੈ ਤਾਂ ਉਸ 'ਤੇ ਇਸ ਦਾ ਅਸਰ ਨਹੀਂ ਹੋਵੇਗਾ। ਪਤੀ-ਪਤਨੀ ਜਾਂ ਸਾਂਝੇਦਾਰੀ ਵਾਲਾ ਖਾਤਾ, ਨਿੱਜੀ ਖਾਤਾ ਹੋਣ ਦੇ ਬਾਵਜੂਦ ਖੋਲ੍ਹਿਆ ਜਾ ਸਕੇਗਾ। ਬੈਂਕਿੰਗ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ, ਇਕ ਵਿਅਕਤੀ ਦੇ ਇਕ ਤੋਂ ਵਧ ਖਾਤੇ ਖੋਲ੍ਹੇ ਜਾ ਰਹੇ ਹਨ ਪਰ ਉਨ੍ਹਾਂ ਦੀ ਆਈ. ਡੀ. ਇਕ ਹੀ ਰਹੇਗੀ, ਪਹਿਲਾਂ ਇਹ ਆਈ. ਡੀ. ਵੱਖ-ਵੱਖ ਹੁੰਦੀ ਸੀ। ਖਬਰਾਂ ਮੁਤਾਬਕ, ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ 'ਤੇ ਲੱਗੀਆਂ ਪਾਬੰਦੀਆਂ ਦੇ ਮੱਦੇਨਜ਼ਰ ਵਾਧੂ ਬੈਂਕ ਖਾਤੇ ਖੁੱਲ੍ਹ ਰਹੇ ਸਨ। ਛੋਟੇ ਸ਼ਹਿਰਾਂ 'ਚ ਇਕ ਮਹੀਨੇ 'ਚ 5 ਅਤੇ ਵੱਡੇ ਸ਼ਹਿਰਾਂ 'ਚ 3 ਵਾਰ ਹੀ ਪੈਸੇ ਬਿਨਾਂ ਕਿਸੇ ਚਾਰਜ ਦੇ ਕਢਵਾਏ ਜਾ ਸਕਦੇ ਹਨ। ਇਸ ਤੋਂ ਜ਼ਿਆਦਾ ਵਾਰ 'ਤੇ ਬੈਂਕ ਚਾਰਜ ਵਸੂਲਦੇ ਹਨ। ਅਜਿਹੇ 'ਚ ਕੁਝ ਗਾਹਕਾਂ ਨੇ ਇਕ ਹੀ ਬੈਂਕ 'ਚ ਵਾਧੂ ਨਿੱਜੀ ਖਾਤੇ ਖੁੱਲ੍ਹਵਾਏ ਸਨ ਤਾਂ ਕਿ ਉਹ ਏ. ਟੀ. ਐੱਮ. 'ਤੇ ਮੁਫਤ ਟ੍ਰਾਂਜੈਕਸ਼ਨ ਦੇ ਬਾਅਦ ਲੱਗਣ ਵਾਲੇ ਚਾਰਜ ਤੋਂ ਬਚ ਸਕਣ।