ਜੀ. ਐੱਸ. ਟੀ. ਬਣਿਆ ਜਲੇਬੀ ਵਰਗਾ ਗੁੰਝਲਦਾਰ, ਇੰਝ ਵਧੇਗੀ ਤੁਹਾਡੀ ਪ੍ਰੇਸ਼ਾਨੀ!

06/13/2017 9:04:04 AM

ਨਵੀਂ ਦਿੱਲੀ— ਵਨ-ਡੇ ਕ੍ਰਿਕੇਟ 'ਚ ਡਕਵਰਥ ਲੁਈਸ ਬਾਰੇ ਸਾਰੇ ਜਾਣਦੇ ਹਨ ਪਰ ਜੇਕਰ ਕਿਸੇ ਨੇ ਉਨ੍ਹਾਂ ਦੇ ਨਿਯਮ ਬਾਰੇ ਪੁੱਛ ਲਿਆ ਤਾਂ ਸਾਲਾਂ ਤੋਂ ਕ੍ਰਿਕੇਟ ਦੇਖਣ ਅਤੇ ਖੇਡਣ ਵਾਲੇ ਸਾਰੇ ਲੋਕ ਕੈਲਕੁਲੇਸ਼ਨ ਤੱਕ ਨਹੀਂ ਕਰ ਸਕਦੇ। ਜੀ. ਐੱਸ. ਟੀ. ਦੇ ਮੌਜੂਦਾ ਢਾਂਚੇ ਨੂੰ ਵੇਖ ਕੇ ਵੀ ਕੁਝ ਅਜਿਹਾ ਹੀ ਲੱਗ ਰਿਹਾ ਹੈ।
ਵਾਅਦਾ ਤਾਂ ਕੀਤਾ ਗਿਆ ਇਕ ਦੇਸ਼, ਇਕ ਟੈਕਸ ਦਾ ਅਤੇ ਮਿਲ ਗਏ 6 ਟੈਕਸ ਅਤੇ 9 ਸਰਚਾਰਜ ਯਾਨੀ 15 ਰੇਟਸ। ਵਾਅਦਾ ਸੀ ਕਾਰੋਬਾਰ ਅਤੇ ਫਾਈਲਿੰਗ ਆਸਾਨ ਹੋਵੇਗੀ ਪਰ ਹੁਣ 13 ਦੀ ਬਜਾਏ 37 ਰਿਟਰਨਾਂ ਭਰਨੀਆਂ ਹੋਣਗੀਆਂ। ਜਿਸ ਟੈਕਸ ਸਿਸਟਮ ਨੂੰ ਬਣਾਉਣ 'ਚ ਅਸੀਂ 13 ਸਾਲ ਲੈ ਲਏ ਉਸ ਨੂੰ ਜਲੇਬੀ ਵਾਂਗ ਅਜਿਹਾ ਗੁੰਝਲਦਾਰ ਬਣਾ ਦਿੱਤਾ ਗਿਆ ਹੈ ਕਿ ਕੋਈ ਸਿਰਾ ਪਕੜ 'ਚ ਨਹੀਂ ਆ ਰਿਹਾ ਹੈ। ਚਲੋ ਸਿਲਸਿਲੇ ਵਾਰ ਗੱਲ ਸਮਝਦੇ ਹਾਂ :
ਕੈਟਾਗਰੀ ਉਹੀ, ਕੱਚਾ ਮਾਲ ਉਹੀ ਪਰ ਰੇਟ ਵੱਖ 
ਕਾਟਨ, ਜੂਟ ਜਾਂ ਸਿਲਕ ਲਈ ਇਕ ਹੀ ਰੇਟ 5 ਫੀਸਦੀ ਹੈ। 1000 ਰੁਪਏ ਤੱਕ ਦੇ ਰੈਡੀਮੇਡ ਕੱਪੜਿਆਂ 'ਤੇ 5 ਫੀਸਦੀ ਜੀ. ਐੱਸ. ਟੀ. ਹੈ ਪਰ ਉਸ ਤੋਂ ਉੱਤੇ ਲਈ 12 ਫੀਸਦੀ। ਉੱਥੇ ਹੀ, ਇਕ ਹੀ ਰੇਸਤਰਾਂ 'ਚ ਤੁਸੀਂ ਗਏ ਪਰ ਜੇਕਰ ਏ. ਸੀ. ਕੈਬਿਨ 'ਚ ਬੈਠ ਗਏ ਤਾਂ 18 ਫੀਸਦੀ ਜੀ. ਐੱਸ. ਟੀ. ਅਤੇ ਗੈਰ-ਏ. ਸੀ. ਕੈਬਿਨ 'ਚ ਬੈਠ ਗਏ ਤਾਂ 12 ਫੀਸਦੀ। ਹੋਟਲ ਦੇ ਕਮਰਿਆਂ 'ਤੇ ਤਾਂ ਜੀ. ਐੱਸ. ਟੀ. ਦਰਾਂ ਹੋਰ ਵੀ ਗੁੰਝਲਦਾਰ ਹਨ, 1000 ਰੁਪਏ ਲਈ ਵੱਖ, 2500 ਰੁਪਏ ਲਈ ਵੱਖ ਤੇ 5000 ਲਈ ਵੱਖ। 
ਬੂੰਦੀ ਦਾ ਲੱਡੂ ਸਸਤਾ, ਨਮਕੀਨ ਦੀ ਬੂੰਦੀ ਮਹਿੰਗੀ 
ਬੂੰਦੀ ਦੇ ਲੱਡੂ 'ਤੇ ਜੀ. ਐੱਸ. ਟੀ. 5 ਫੀਸਦੀ ਲੱਗੇਗਾ ਪਰ ਨਮਕੀਨ ਦੀ ਬੂੰਦੀ 'ਤੇ 18 ਫੀਸਦੀ, ਜਦੋਂ ਕਿ ਦੋਹਾਂ 'ਚ ਸਿਰਫ ਲੂਣ ਅਤੇ ਖੰਡ ਦਾ ਫਰਕ ਹੈ। ਹਵਾਈ ਯਾਤਰਾ ਬਿਜ਼ਨੈੱਸ ਕਲਾਸ ਮਹਿੰਗੀ ਹੋ ਜਾਵੇਗੀ ਕਿਉਂਕਿ ਉਸ 'ਤੇ 12 ਫੀਸਦੀ ਟੈਕਸ ਲੱਗੇਗਾ, ਜਦੋਂ ਕਿ ਇਕਨਾਮੀ ਕਲਾਸ 'ਤੇ 5 ਫੀਸਦੀ।
ਕੀ ਇੰਡਸਟਰੀ ਤਿਆਰ ਹੈ?
ਅਸਲੀ ਚੁਣੌਤੀ ਹੈ ਕਿ ਕੀ ਇੰਡਸਟਰੀ ਇਸ ਵੱਡੇ ਬਦਲਾਅ ਲਈ ਤਿਆਰ ਹੈ? ਬੈਂਕਿੰਗ ਸਿਸਟਮ ਨੇ ਤਾਂ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਥੋੜ੍ਹਾ ਹੋਰ ਸਮਾਂ ਲੱਗੇਗਾ। ਇੰਡਸਟਰੀ ਨੇ ਵੀ ਜੀ. ਐੱਸ. ਟੀ. ਨੂੰ ਡੂੰਘਾਈ 'ਚ ਉਤਰ ਕੇ ਨਹੀਂ ਵੇਖਿਆ ਹੈ। ਇੰਡਸਟਰੀ ਸੰਗਠਨ ਫਿੱਕੀ, ਸੀ. ਆਈ. ਆਈ. ਅਤੇ ਐਸੋਚੈਮ ਇਸ ਲਈ ਟਰੇਨਿੰਗ ਦੀ ਉਡੀਕ ਕਰ ਰਹੇ ਹਨ ਪਰ ਉਹ ਮੰਨਦੇ ਹਨ ਕਿ ਇੰਡਸਟਰੀ ਨੂੰ ਇਸ ਪੂਰੇ ਬਦਲਾਅ ਨੂੰ ਅਪਣਾਉਣ 'ਚ ਥੋੜ੍ਹਾ ਸਮਾਂ ਲੱਗੇਗਾ।
ਸਰਵਿਸ ਸੈਕਟਰ ਤਾਂ ਅਜੇ ਵੀ ਕਈ ਮਾਮਲਿਆਂ 'ਚ ਸਫਾਈ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਕਈ ਸੇਵਾਵਾਂ 'ਤੇ ਅਜੇ ਹੋਰ ਸਪੱਸ਼ਟਤਾ ਜ਼ਰੂਰੀ ਹੈ। ਕਿਹੜੀ ਸਰਵਿਸ ਕਿਸ ਰੇਟ ਤਹਿਤ ਆਵੇਗੀ ਇਸ ਨੂੰ ਲੈ ਕੇ ਥੋੜੀ ਉਲਝਣ ਹੈ। ਗਲੋਬਲ ਰਿਸਰਚ ਫਰਮ ਨੋਮੂਰਾ ਅਤੇ ਐੱਚ. ਐੱਸ. ਬੀ. ਸੀ. ਦੇ ਮੁਤਾਬਕ ਜਿਨ੍ਹਾਂ 144 ਦੇਸ਼ਾਂ 'ਚ ਜੀ. ਐੱਸ. ਟੀ. ਹੁਣ ਤੱਕ ਲਾਗੂ ਹੋਇਆ ਹੈ, ਉਨ੍ਹਾਂ 'ਚੋਂ ਸ਼ਾਇਦ ਸਭ ਤੋਂ ਗੁੰਝਲਦਾਰ ਜੀ. ਐੱਸ. ਟੀ. ਢਾਂਚਾ ਭਾਰਤ 'ਚ ਹੀ ਬਣਿਆ ਹੈ। ਦਰਅਸਲ ਹਰ ਕਿਸੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ 'ਚ ਸਮਝੌਤਾ ਕਰਦਿਆਂ-ਕਰਦਿਆਂ ਗੁੰਝਲਾਂ ਵਧ ਗਈਆਂ ਹਨ।
ਖਰਚ ਵਧੇਗਾ, ਜ਼ਿਆਦਾ ਅਕਾਊਂਟੈਂਟ ਰੱਖਣੇ ਪੈਣਗੇ
ਮਾਮਲਾ ਇੱਥੇ ਹੀ ਨਹੀਂ ਰੁਕੇਗਾ, ਹਰ ਕਾਰੋਬਾਰੀ ਨੂੰ ਹੁਣ ਆਪਣਾ ਹਿਸਾਬ-ਕਿਤਾਬ ਦਰੁਸਤ ਰੱਖਣ ਲਈ ਅਕਾਊਂਟੈਂਟਸ ਦੀਆਂ ਸੇਵਾਵਾਂ ਲੈਣੀਆਂ ਪੈਣਗੀਆਂ। 
ਅਜੇ ਛੋਟੇ ਕਾਰੋਬਾਰੀ ਪਾਰਟ-ਟਾਈਮ ਅਕਾਊਂਟੈਂਟ ਰੱਖਦੇ ਹਨ ਜੋ ਮਹੀਨੇ 'ਚ ਦੋ-ਤਿੰਨ ਵਾਰ ਆ ਕੇ ਉਨ੍ਹਾਂ ਦੇ ਖਾਤੇ ਅਪ-ਟੂ-ਡੇਟ ਕਰਦੇ ਹਨ ਪਰ ਸਿਸਟਮ ਆਨਲਾਈਨ ਹੋਣ ਨਾਲ ਉਨ੍ਹਾਂ ਨੂੰ ਰੈਗੂਲਰ ਅਕਾਊਂਟੈਂਟਸ ਦੀ ਜ਼ਰੂਰਤ ਪਵੇਗੀ। ਹਾਂ, ਇਸ ਦਾ ਫਾਇਦਾ ਇਹ ਜ਼ਰੂਰ ਹੋਵੇਗਾ ਕਿ ਪੂਰੇ ਦੇਸ਼ 'ਚ ਅਕਾਊਂਟੈਂਟਸ ਦੀਆਂ ਨੌਕਰੀਆਂ ਦੀ ਭਰਮਾਰ ਹੋਵੇਗੀ।


Related News