1 ਜੁਲਾਈ ਤੋਂ ਜ਼ਿਆਦਾਤਰ ਖਾਣ ਵਾਲੇ ਪਦਾਰਥ ਹੋਣਗੇ ਸਸਤੇ
Thursday, Jun 29, 2017 - 02:01 AM (IST)

ਨਵੀਂ ਦਿੱਲੀ — ਦੇਸ਼ ਦੇ ਇਤਿਹਾਸ 'ਚ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੇ ਅਪ੍ਰਤੱਖ ਟੈਕਸ ਸੁਧਾਰ 'ਇਕ ਰਾਸ਼ਟਰ, ਇਕ ਟੈਕਸ' ਦੀ ਧਾਰਨਾ 'ਤੇ ਅਧਾਰਿਤ ਵਸਤੂ ਅਤੇ ਸੇਵਾ ਟੈਕਸ ਦੇ 1 ਜੁਲਾਈ ਤੋਂ ਲਾਗੂ ਹੋਣ 'ਤੇ ਜ਼ਿਆਦਾਤਰ ਖਾਣ ਵਾਲੇ ਪਦਾਰਥ, ਲਗਜ਼ਰੀ ਕਾਰਾਂ, ਮੋਟਰਸਾਕਿਲ ਅਤੇ ਸਾਇਕਲ ਆਦਿ ਆਦਿ ਜਿੱਥੇ ਸਸਤੇ ਹੋ ਜਾਣਗੇ, ਉੱਥੇ ਹੀ ਸਕੀਮਡ ਮਿਲਕ, ਕਸਟਰਡ ਪਾਊਡਰ, ਚਾਕਲੇਟ, ਇੰਸਟੇਂਟ ਕੌਫੀ ਅਤੇ ਮੇਅਕੱਪ ਦੇ ਸਾਮਾਨ ਵਰਗੇ ਉਤਪਾਦ ਮਹਿੰਗੇ ਹੋ ਜਾਣਗੇ। ਜੀ.ਐੱਸ.ਟੀ ਪ੍ਰੀਸ਼ਦ ਨੇ ਸਾਰੇ ਉਤਪਾਦਾਂ ਅਤੇ ਸੇਵਾਵਾਂ ਲਈ ਦਰਾਂ ਤੈਅ ਕਰ ਦਿੱਤੀਆਂ ਹਨ ਜੋ 01 ਜੁਲਾਈ ਤੋਂ ਪ੍ਰਭਾਵੀ ਹੋਣਗੇ। ਰਾਸ਼ਟਰਪਤੀ ਅਤੇ ਪ੍ਰਧਾਨ-ਮੰਤਰੀ 30 ਜੂਨ ਦੀ ਅੱਧੀ ਰਾਤ ਸੰਸਦ ਨੇ ਕੇਂਦਰੀ ਰੂਮ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਘੰਟਾ ਵਜਾ ਕੇ ਦੇਸ਼ 'ਚ ਜੀ.ਐੱਸ.ਟੀ ਲਾਗੂ ਕੀਤੇ ਜਾਣ ਦਾ ਐਲਾਨ ਕਰਨਗੇ। ਪ੍ਰੀਸ਼ਦ ਨੇ ਹਾਲਾਂਕਿ ਕੁਝ ਵਸਤਾਂ 'ਤੇ ਜੀ.ਐੱਸ.ਟੀ ਦਰਾਂ ਸੋਧ ਕੀਤੀ ਹੈ ਅਤੇ 30 ਜੂਨ ਨੂੰ ਹੋਣ ਵਾਲੀ ਪ੍ਰੀਸ਼ਦ ਦੀ ਬੈਠਕ 'ਚ ਵੀ ਕੁਝ ਵਸਤਾਂ 'ਤੇ ਜੀ.ਐੱਸ.ਟੀ ਦਰਾਂ 'ਚ ਸੋਧ ਦੀ ਸੰਭਾਵਨਾ ਹੈ।
ਪ੍ਰੀਸ਼ਦ ਨੇ ਜੀ.ਐੱਸ.ਟੀ ਲਈ ਚਾਰ ਦਰਾਂ- ਪੰਜ ਫੀਸਦੀ, 12 ਫੀਸਦੀ, 18 ਫੀਸਦੀ ਅਤੇ 28 ਫੀਸਦੀ ਤੈਅ ਕੀਤੀਆਂ ਹਨ। ਉੱਚਤਮ ਦਰ 'ਚ ਸ਼ਾਮਿਲ ਜ਼ਿਆਦਾਤਰ ਵਸਤਾਂ 'ਤੇ ਸਰਚਾਰਜ ਲਗਾਇਆ ਗਿਆ ਹੈ। ਜਦਕਿ ਖਾਣ ਦੀਆਂ ਜ਼ਿਆਦਾਤਰ ਖੁੱਲ੍ਹੀਆਂ ਵਸਤਾਂ 'ਤੇ ਜ਼ੀਰੋ ਜੀ.ਐੱਸ.ਟੀ ਹੈ। ਪ੍ਰੀਸ਼ਦ ਨੇ ਸੇਵਾਵਾਂ ਲਈ ਵੀ ਦਰਾਂ ਤੈਅ ਕੀਤੀਆਂ ਹਨ। ਕੁਝ ਸੇਵਾਵਾਂ ਦੇ ਮਹਿੰਗੇ ਹੋਣ ਦਾ ਅਸਰ ਵੀ ਵਸਤਾਂ 'ਤੇ ਪਵੇਗਾ। ਜਿਨ੍ਹਾਂ ਵਸਤਾਂ ਨੂੰ ਜ਼ੀਰੋ ਜੀ.ਐੱਸ.ਟੀ 'ਚ ਰੱਖਿਆ ਗਿਆ ਹੈ, ਉਨ੍ਹਾਂ 'ਚ ਖੁੱਲ੍ਹਾ ਆਟਾ, ਚਾਵਲ, ਮੈਦਾ, ਵੇਸਣ, ਕਣਕ, ਦੁੱਧ, ਦਹੀਂ, ਲੱਸੀ, ਪਨੀਰ, ਆਂਡਾ, ਮੀਟ, ਮੱਛੀ, ਸ਼ਹਿਦ, ਤਾਜ਼ੇ ਫਲ ਅਤੇ ਸਬਜ਼ੀਆਂ, ਪ੍ਰਸਾਦ, ਨਮਕ, ਪਾਨ ਦੇ ਪੱਤੇ, ਮਿੱਟੀ ਦੇ ਬਰਤਨ, ਖੇਤੀ ਦੇ ਉਪਕਰਣ ਅਤੇ ਗੈਰ-ਬ੍ਰਾਂਡਿਡ ਆਰਗੇਨਿਕ ਖਾਦ ਆਦਿ ਸ਼ਾਮਿਲ ਹਨ।