GST ਘਾਟਾ : ਕੇਂਦਰ ਨੇ ਸੂਬਿਆਂ ਨੂੰ ਦਿੱਤੇ 24,500 ਕਰੋੜ
Saturday, Dec 30, 2017 - 12:35 PM (IST)
ਨਵੀਂ ਦਿੱਲੀ—ਪੂਰੇ ਦੇਸ਼ ਦੀ ਟੈਕਸ ਪ੍ਰਣਾਲੀ ਨੂੰ ਏਕੀਕ੍ਰਿਤ ਕਰਨ ਵਾਲੇ ਆਰਥਿਕ ਸੁਧਾਰ ਜੀ. ਐੱਸ. ਟੀ. ਦੇ ਲਾਗੂ ਹੋਣ ਤੋਂ ਬਾਅਦ ਸੂਬਿਆਂ ਨੂੰ ਵੱਡਾ ਰਾਜਸਵ ਘਾਟਾ ਹੋਇਆ ਹੈ। ਜੁਲਾਈ-ਅਕਤੂਬਰ ਤਿਮਾਹੀ 'ਚ ਸੂਬਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ 24,500 ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕੀਤਾ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਸਰਕਾਰ ਨੇ ਸੰਸਦ ਨੂੰ ਦਿੱਤੀ।
ਜੀ.ਐੱਸ.ਟੀ. ਮੁਆਵਜ਼ੇ ਦੇ ਤਹਿਤ ਜਾਰੀ ਹੋਏ ਫੰਡ 'ਚ ਕਰਨਾਟਕ ਨੂੰ ਕੇਂਦਰ ਤੋਂ ਸਭ ਤੋਂ ਜ਼ਿਆਦਾ 3,271 ਕਰੋੜ ਰੁਪਏ ਮਿਲੇ ਹਨ, ਉਸ ਤੋਂ ਬਾਅਦ ਗੁਜਰਾਤ ਨੂੰ 2,282 ਕਰੋੜ ਰੁਪਏ ਅਤੇ ਪੰਜਾਬ ਨੂੰ 2,098 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਕੇਂਦਰੀ ਵਿੱਤੀ ਸੂਬਾ ਮੰਤਰੀ ਸ਼ਿਵਪ੍ਰਤਾਪ ਸ਼ੁਕਲਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਜੀ.ਐੱਸ.ਟੀ. ਲਾਗੂ ਹੋਣ ਤੋਂ ਬਾਅਦ ਸੂਬਿਆਂ ਨੂੰ ਜੁਲਾਈ ਤੋਂ ਨਵੰਬਰ ਦੇ ਵਿਚਕਾਰ ਹੋਏ ਰਾਜਸਵ ਘਾਟੇ ਨੂੰ ਦੇਖਦੇ ਹੋਏ ਦੋ ਮਹੀਨੇ ਮੁਆਵਜ਼ਾ ਜਾਰੀ ਕੀਤਾ ਗਿਆ ਹੈ।
ਜੀ.ਐੱਸ.ਟੀ. ਦੇ ਤਹਿਤ ਲਗਜ਼ਰੀ ਵਸਤੂਆਂ ਨੂੰ ਜੀ.ਐੱਸ.ਟੀ. ਦੇ ਸਭ ਤੋਂ ਜ਼ਿਆਦਾ ਸਲੈਬ ਭਾਵ 28 ਫੀਸਦੀ 'ਚ ਰੱਖਿਆ ਗਿਆ ਸੀ। ਸ਼ੁਕਲਾ ਨੇ ਦੱਸਿਆ ਕਿ ਕੁਝ ਵਸਤੂਆਂ 'ਤੇ ਲਗਣ ਵਾਲੇ ਸੈੱਸ ਦੀ ਕੀਮਤ ਜੀ.ਐੱਸ.ਟੀ. ਦੇ ਪਹਿਲਾਂ ਦੇ ਰੇਟ ਦੇ ਕਰੀਬ ਰੱਖਣੀ ਸੀ। ਇਸ ਲਈ ਉਸ 'ਚ ਜ਼ਿਆਦਾ ਅੰਤਰ ਨਹੀਂ ਆਇਆ ਹੈ। ਰਾਜਸਥਾਨ ਨੂੰ 1,911 ਕਰੋੜ ਰੁਪਏ, ਬਿਹਾਰ ਨੂੰ 1,746 ਕਰੋੜ ਰੁਪਏ, ਯੂ.ਪੀ ਨੂੰ 1,520 ਕਰੋੜ ਰੁਪਏ, ਪੱਛਮੀ ਬੰਗਾਲ ਨੂੰ 1,008 ਕਰੋੜ ਰੁਪਏ ਅਤੇ ਓਡੀਸ਼ਾ ਨੂੰ 1,020 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
