GST ਕੁਲੈਕਸ਼ਨ ’ਚ ਉਛਾਲ! ਫਰਵਰੀ ’ਚ ਵਧ ਕੇ 1.84 ਲੱਖ ਕਰੋੜ ਹੋਈ
Sunday, Mar 02, 2025 - 11:13 AM (IST)

ਨਵੀਂ ਦਿੱਲੀ (ਭਾਸ਼ਾ) - ਫਰਵਰੀ ’ਚ ਜੀ. ਐੱਸ. ਟੀ. ਕੁਲੈਕਸ਼ਨ ’ਚ ਉਛਾਲ ਆਇਆ ਹੈ। ਕੁਲ ਜੀ. ਐੱਸ. ਟੀ. ਕੁਲੈਕਸ਼ਨ ਫਰਵਰੀ ’ਚ 9.1 ਫੀਸਦੀ ਵਧ ਕੇ ਲੱਗਭਗ 1.84 ਲੱਖ ਕਰੋੜ ਰੁਪਏ ਹੋ ਗਈ। ਆਧਿਕਾਰਕ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ।
ਇਸ ਦੌਰਾਨ ਕੁਲ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਕੁਲੈਕਸ਼ਨ ਤਹਿਤ ਘਰੇਲੂ ਮਾਲੀਆ 10.2 ਫੀਸਦੀ ਵਧ ਕੇ 1.42 ਲੱਖ ਕਰੋੜ ਰੁਪਏ ਰਿਹਾ। ਦਰਾਮਦ ਮਾਲੀਆ 5.4 ਫੀਸਦੀ ਵਧ ਕੇ 41,702 ਕਰੋੜ ਰੁਪਏ ਹੋ ਗਿਆ।
ਫਰਵਰੀ ਦੌਰਾਨ ਕੁਲ 20,889 ਕਰੋੜ ਰੁਪਏ ਦੇ ਰਿਫੰਡ ਜਾਰੀ ਕੀਤੇ ਗਏ, ਜੋ ਸਾਲਾਨਾ ਆਧਾਰ ’ਤੇ 17.3 ਫੀਸਦੀ ਜ਼ਿਆਦਾ ਹੈ। ਫਰਵਰੀ 2025 ’ਚ ਸ਼ੁੱਧ ਜੀ. ਐੱਸ. ਟੀ. ਕੁਲੈਕਸ਼ਨ 8.1 ਫੀਸਦੀ ਵਧ ਕੇ ਲੱਗਭਗ 1.63 ਲੱਖ ਕਰੋੜ ਰੁਪਏ ਰਹੀ।
ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਕੁਲ ਅਤੇ ਸ਼ੁੱਧ ਜੀ. ਐੱਸ. ਟੀ. ਕੁਲੈਕਸ਼ਨ 1.68 ਲੱਖ ਕਰੋੜ ਅਤੇ 1.50 ਲੱਖ ਕਰੋੜ ਰੁਪਏ ਸੀ।
ਉਥੇ ਹੀ ਜੇਕਰ ਗੱਲ ਵਿੱਤੀ ਸਾਲ ਦੇ 11 ਮਹੀਨਿਆਂ ਦੀ ਕੁਲ ਜੀ. ਐੱਸ. ਟੀ. ਕੁਲੈਕਸ਼ਨ ਦੀ ਕਰੀਏ ਤਾਂ ਇਹ 20.13 ਲੱਖ ਕਰੋੜ ਰੁਪਏ ਹੋ ਚੁੱਕੀ ਹੈ। ਜਾਣਕਾਰਾਂ ਦੀ ਮੰਨੀਏ ਤਾਂ ਮਾਰਚ ਦੇ ਮਹੀਨੇ ਦੇ ਅਨੁਮਾਨਿਤ ਅੰਕੜੇ ਨੂੰ ਜੋੜ ਦਿੱਤਾ ਜਾਵੇ ਤਾਂ ਇਹ 22 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਸਕਦਾ ਹੈ।
6ਵੇਂ ਮਹੀਨੇ 1.80 ਲੱਖ ਕਰੋੜ ਰੁਪਏ ਦੇ ਪਾਰ
ਮੌਜੂਦਾ ਵਿੱਤੀ ਸਾਲ ’ਚ ਇਹ 6ਵਾਂ ਮਹੀਨਾ ਹੈ, ਜਦੋਂ ਦੇਸ਼ ਦੀ ਜੀ. ਐੱਸ. ਟੀ. ਕੁਲੈਕਸ਼ਨ 1.80 ਲੱਖ ਕਰੋੜ ਰੁਪਏ ਦੇ ਪਾਰ ਪੁੱਜੀ ਹੈ। ਅਪ੍ਰੈਲ ’ਚ ਜੀ. ਐੱਸ. ਟੀ. ਕੁਲੈਕਸ਼ਨ 2.1 ਲੱਖ ਕਰੋੜ ਰੁਪਏ ਦੇਖਣ ਨੂੰ ਮਿਲੀ ਸੀ, ਜੋ ਹੁਣ ਤੱਕ ਸਭ ਤੋਂ ਜ਼ਿਆਦਾ ਹੈ, ਜਦੋਂਕਿ ਜੁਲਾਈ ’ਚ 1.82 ਲੱਖ ਕਰੋੜ, ਅਕਤੂਬਰ ’ਚ 1.87 ਲੱਖ ਕਰੋਡ਼, ਨਵੰਬਰ ’ਚ 1.82 ਲੱਖ ਕਰੋੜ, ਜਨਵਰੀ ’ਚ 1.96 ਲੱਖ ਕਰੋੜ ਅਤੇ ਫਰਵਰੀ 1.84 ਲੱਖ ਕਰੋੜ ਰੁਪਏ ਦੇਖਣ ਨੂੰ ਮਿਲੀ। ਵਿੱਤੀ ਸਾਲ ਦੇ ਆਖਰੀ ਕਾਰੋਬਾਰੀ ਮਹੀਨੇ ’ਚ ਜੀ. ਐੱਸ. ਟੀ. ਕੁਲੈਕਸ਼ਨ 1.90 ਲੱਖ ਕਰੋੜ ਰੁਪਏ ਪਾਰ ਕਰ ਸਕਦੀ ਹੈ।
ਫਰਵਰੀ ’ਚ ਵੱਖ-ਵੱਖ ਥਾਵਾਂ ਤੋਂ ਪ੍ਰਾਪਤ ਜੀ. ਐੱਸ. ਟੀ. ਕੁਲੈਕਸ਼ਨ
ਕੇਂਦਰੀ ਜੀ. ਐੱਸ. ਟੀ. (ਸੀ. ਜੀ. ਐੱਸ. ਟੀ.)-35,204 ਕਰੋੜ ਰੁਪਏ
ਸੂਬਾ ਜੀ. ਐੱਸ. ਟੀ. (ਐੱਸ. ਜੀ. ਐੱਸ. ਟੀ.)-43,704 ਕਰੋੜ ਰੁਪਏ
ਏਕੀਕ੍ਰਿਤ ਜੀ. ਐੱਸ. ਟੀ. (ਆਈ. ਜੀ. ਐੱਸ. ਟੀ.)-90,870 ਕਰੋੜ ਰੁਪਏ
ਮੁਆਵਜ਼ਾ ਸੈੱਸ 13,868 ਕਰੋੜ ਰੁਪਏ