ਕਣਕ ਤੇ ਸਰ੍ਹੋਂ ਦੇ ਰਿਕਾਰਡ ਉਤਪਾਦਨ ਕਾਰਨ 5.5 ਫ਼ੀਸਦੀ ਰਹੀ ਖੇਤੀਬਾੜੀ-ਸਹਾਇਕ ਗਤੀਵਿਧੀਆਂ ਦੀ ਵਿਕਾਸ ਦਰ

06/01/2023 4:04:26 PM

ਨਵੀਂ ਦਿੱਲੀ - ਵਿੱਤੀ ਸਾਲ 2022-23 ਦੀ ਚੌਥੀ ਤਿਮਾਹੀ ਵਿੱਚ ਹਾੜ੍ਹੀ ਦੀਆਂ ਫ਼ਸਲਾਂ ਕਣਕ ਅਤੇ ਸਰ੍ਹੋਂ ਦੇ ਰਿਕਾਰਡ ਉਤਪਾਦਨ ਕਾਰਨ ਖੇਤੀਬਾੜੀ ਅਤੇ ਸਹਾਇਕ ਗਤੀਵਿਧੀਆਂ ਦੀ ਵਿਕਾਸ ਦਰ 12-ਤਿਮਾਹੀ ਉੱਚ ਪੱਧਰ 'ਤੇ 5.5 ਫ਼ੀਸਦੀ ਰਹੀ। ਤੀਜੀ ਤਿਮਾਹੀ ਲਈ ਸੰਸ਼ੋਧਿਤ ਵਿਕਾਸ ਦਰ 4.7 ਫ਼ੀਸਦੀ ਸੀ। ਖੇਤੀਬਾੜੀ ਅਤੇ ਸਹਾਇਕ ਗਤੀਵਿਧੀਆਂ ਦਾ ਰਿਕਾਰਡ ਜੀਵੀਏ ਵਾਧਾ ਉਸ ਸਮੇਂ ਦਰਜ ਕੀਤਾ ਗਿਆ ਹੈ, ਜਦੋਂ 2021-22 ਦੀ ਚੌਥੀ ਤਿਮਾਹੀ ਵਿੱਚ 4.1 ਫ਼ੀਸਦੀ ਵਿਕਾਸ ਦਾ ਉੱਚ ਅਧਾਰ ਹੈ।

ਦੱਸ ਦੇਈਏ ਕਿ ਹਾੜੀ ਦੇ ਸੀਜ਼ਨ 'ਚ ਕਣਕ ਦਾ ਉਤਪਾਦਨ 1127.4 ਲੱਖ ਟਨ ਹੋ ਸਕਦਾ ਹੈ, ਜੋ ਪਿਛਲੇ ਸਾਲ ਦੇ ਉਤਪਾਦਨ ਨਾਲੋਂ 5.5 ਫ਼ੀਸਦੀ ਤੋਂ ਜ਼ਿਆਦਾ ਹੋਵੇਗਾ। ਇਹ ਅਨੁਮਾਨ ਕਣਕ ਦੇ ਰਕਬੇ ਵਿੱਚ ਵਾਧੇ ਅਤੇ ਵੱਧ ਉਤਪਾਦਕਤਾ ਕਾਰਨ ਲਗਾਇਆ ਗਿਆ ਹੈ। ਹਾੜ੍ਹੀ ਦੇ ਸੀਜ਼ਨ ਵਿੱਚ ਉਗਾਈ ਜਾਣ ਵਾਲੀ ਪ੍ਰਮੁੱਖ ਤੇਲ ਬੀਜ ਫ਼ਸਲ ਸਰ੍ਹੋਂ ਦਾ ਉਤਪਾਦਨ 124.9 ਲੱਖ ਟਨ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ ਦੇ ਨਾਲੋਂ 4.43 ਫ਼ੀਸਦੀ ਤੋਂ ਵੱਧ ਹੈ। ਤੀਜੇ ਅਗਾਊਂ ਅਨੁਮਾਨ ਵਿੱਚ ਪਿਛਲੇ ਸਾਲ ਦੇ ਉਤਪਾਦਨ ਦੇ ਬਰਾਬਰ ਹਾੜੀ ਦੀ ਸਭ ਤੋਂ ਵੱਡੀ ਦਾਲ ਛੋਲਿਆਂ ਦਾ ਉਤਪਾਦਨ 135.4 ਲੱਖ ਟਨ ਹੋਣ ਦਾ ਅਨੁਮਾਨ ਹੈ।  

ਦੱਸ ਦੇਈਏ ਕਿ 2022-23 ਦੀ ਚੌਥੀ ਤਿਮਾਹੀ ਵਿੱਚ ਪ੍ਰਾਇਮਰੀ ਸੈਕਟਰ ਦੇ ਜ਼ਿਆਦਾਤਰ ਹਿੱਸਿਆਂ ਦੀ ਵਿਕਾਸ ਦਰ 4.3 ਫੀਸਦੀ ਤੋਂ ਉਪਰ ਰਹੀ ਹੈ, ਜਿਵੇਂ ਦੂਜੇ ਅਗਾਊਂ ਅਨੁਮਾਨ ਵਿੱਚ ਕਿਹਾ ਗਿਆ ਹੈ। ਉੱਚ ਵਿਕਾਸ ਦਰ ਦਾ ਇੱਕ ਮੁੱਖ ਕਾਰਨ ਖੇਤੀਬਾੜੀ ਖੇਤਰ ਦੇ ਤੀਜੇ ਅਗਾਊਂ ਅਨੁਮਾਨਾਂ ਵਿੱਚ ਅਨੁਮਾਨਿਤ ਹਾੜ੍ਹੀ ਦੀਆਂ ਫ਼ਸਲਾਂ ਦੇ ਉਤਪਾਦਨ ਵਿੱਚ ਵਾਧਾ ਹੈ। ਪਹਿਲਾਂ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਬੇਮੌਸਮੀ ਹੋਈਆਂ ਬਰਸਾਤਾਂ ਦੇ ਕਾਰਨ ਫ਼ਸਲਾਂ ਖ਼ਾਸ ਕਰਕੇ ਕਣਕ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ, 2019-20 ਦੀ ਚੌਥੀ ਤਿਮਾਹੀ ਵਿੱਚ, ਖੇਤੀਬਾੜੀ ਅਤੇ ਸਹਾਇਕ ਗਤੀਵਿਧੀਆਂ ਦੀ ਵਿਕਾਸ ਦਰ 6.8 ਪ੍ਰਤੀਸ਼ਤ ਸੀ।
 


rajwinder kaur

Content Editor

Related News