ਪਿਛਲੇ 45 ਸਾਲਾਂ ਤੋਂ ਕਿਤੇ ਵੱਧ ਤੇਜ਼ ਹੋਵੇਗੀ ਅਗਲੇ 10 ਸਾਲਾਂ ਦੀ ਗ੍ਰੋਥ : ਮੁਕੇਸ਼ ਅੰਬਾਨੀ
Tuesday, Aug 29, 2023 - 12:39 PM (IST)

ਮੁੰਬਈ (ਭਾਸ਼ਾ) – ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਗਰੁੱਪ ਦੀ ਸਾਲਾਨਾ ਜਨਰਲ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਗਲੇ 10 ਸਾਲਾਂ ’ਚ ਗਰੁੱਪ ਦੀ ਗ੍ਰੋਥ ਉਸ ਦੀ ਹੁਣ ਤੱਕ ਦੀ ਦੇਖੀ ਗਈ ਗ੍ਰੋਥ ਨੂੰ ਪਿੱਛੇ ਛੱਡ ਦੇਵੇਗੀ।
ਅੰਬਾਨੀ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਕੰਪਨੀ ਅਗਲੇ ਦਹਾਕੇ ਵਿਚ ਆਪਣੇ ਸਾਰੇ ਹਿੱਤਧਾਰਕਾਂ ਲਈ ਜੋ ਵੈਲਿਊ ਬਣਾਏਗੀ, ਉਹ ਪਿਛਲੇ 45 ਸਾਲਾਂ ਵਿਚ ਬਣਾਈ ਗਈ ਵੈਲਿਊ ਤੋਂ ਕਈ ਗੁਣਾ ਵੱਧ ਹੋਵੇਗੀ।
ਮੁਕੇਸ਼ ਅੰਬਾਨੀ ਨੇ ਚੰਦਰਯਾਨ-3 ਦੀ ਸਫਲਤਾ ’ਤੇ ਇਸਰੋ ਦੇ ਵਿਗਿਆਨੀਆਂ ਅਤੇ ਭਾਰਤ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਨਾ ਰੁਕਦਾ, ਨਾ ਥੱਕਦਾ ਅਤੇ ਨਾ ਹਾਰਦਾ ਹੈ।
ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਰਿਲਾਇੰਸ ਇੰਡਸਟ੍ਰੀਜ਼ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਉਨ੍ਹਾਂ ਦੀ ਥਾਂ ’ਤੇ ਈਸ਼ਾ ਅੰਬਾਨੀ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਆਰ. ਆਈ. ਐੱਲ. ਬੋਰਡ ਨੇ ਬੋਰਡ ਆਫ ਡਾਇਰੈਕਟਰਜ਼ ਵਿਚ ਈਸ਼ਾ ਅੰਬਾਨੀ, ਆਕਾਸ਼ ਅੰਬਾਨੀ ਅਤੇ ਅਨੰਤ ਅੰਬਾਨੀ ਦੀ ਨਿਯੁਕਤੀ ਦੀ ਸਿਫਾਰਿਸ਼ ਕੀਤੀ ਹੈ। ਨੀਤਾ ਅੰਬਾਨੀ ਬੋਰਡ ਤੋਂ ਹਟ ਜਾਏਗੀ। ਉਂਝ ਉਹ ਰਿਲਾਇੰਸ ਫਾਊਂਡੇਸ਼ਨ ਦੀ ਚੇਅਰਪਰਸਨ ਬਣੀ ਰਹੇਗੀ।
ਇਹ ਵੀ ਪੜ੍ਹੋ : 16 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਸਤੰਬਰ ਮਹੀਨੇ ਵਿਚ ਛੁੱਟੀਆਂ ਦੀ ਸੂਚੀ
ਮੁਕੇਸ਼ ਅੰਬਾਨੀ ਨੇ ਏ. ਜੀ. ਐੱਮ. ਵਿਚ ਦੱਸਿਆ ਕਿ ਪਿਛਲੇ 10 ਸਾਲਾਂ ’ਚ ਰਿਲਾਇੰਸ ਇੰਡਸਟ੍ਰੀਜ਼ ਨੇ 150 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਕਿਸੇ ਵੀ ਕਾਰਪੋਰੇਟ ਗਰੁੱਪ ਵਲੋਂ ਕੀਤਾ ਗਿਆ ਇਹ ਸਭ ਤੋਂ ਵੱਡਾ ਨਿਵੇਸ਼ ਹੈ। ਵਿੱਤੀ ਸਾਲ 2023 ਵਿਚ ਰਿਲਾਇੰਸ ਨੇ 2.6 ਲੱਖ ਨਵੇਂ ਲੋਕਾਂ ਨੂੰ ਨੌਕਰੀ ਦਿੱਤੀ ਹੈ।
ਮੁਕੇਸ਼ ਅੰਬਾਨੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਿਲਾਇੰਸ ਦਾ ਏਕੀਕ੍ਰਿਤ ਮਾਲੀਆ 9,74,864 ਕਰੋੜ ਰੁਪਏ ਰਿਹਾ। ਉੱਥੇ ਹੀ ਵਿੱਤੀ ਸਾਲ 2023 ਵਿਚ ਰਿਲਾਇੰਸ ਦਾ ਐਬਿਟਡਾ 1,53,920 ਕਰੋੜ ਰੁਪਏ ਸੀ ਜਦ ਕਿ ਸ਼ੁੱਧ ਮੁਨਾਫਾ 73,670 ਕਰੋੜ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਇੰਸ਼ੋਰੈਂਸ ’ਚ ਵੀ ਐਂਟਰੀ ਕਰਾਂਗੇ ਅਤੇ ਇਸ ਲਈ ਗਲੋਬਲ ਪਾਰਟਨਰਸ ਨਾਲ ਹੱਥ ਮਿਲਾਵਾਂਗੇ।
ਰਿਲਾਇੰਸ ਰਿਟੇਲ ਦੀ ਡਇਰੈਕਟਰ ਈਸ਼ਾ ਅੰਬਾਨੀ ਨੇ ਕਿਹਾ,‘‘ਅਸੀਂ ਕੈਂਪਾ ਕੋਲਾ ਨੂੰ ਭਾਰਤੀ ਸੁਆਦ ਨਾਲ ਪੇਸ਼ ਕੀਤਾ ਹੈ ਅਤੇ ਗਾਹਕਾਂ ਨੇ ਪੂਰੇ ਦਿਲ ਤੋਂ ਇਸ ਨੂੰ ਅਪਣਾਇਆ ਹੈ। ਅਸੀਂ ਭਾਰਤੀ ਬਾਜ਼ਾਰ ਵਿਚ ਇਸ ਦਾ ਉਤਪਾਦਨ ਵਧਾ ਰਹੇ ਹਾਂ ਅਤੇ ਇਸ ਨੂੰ ਗਲੋਬਲ ਬਾਜ਼ਾਰ ’ਚ ਵੀ ਲਿਜਾਣ ’ਤੇ ਕੰਮ ਕਰ ਰਹੇ ਹਾਂ।’’
85 ਫੀਸਦੀ ਵਿਕਰੀ ਜੀਓ ਨੈੱਟਵਰਕ ਦੀ
ਮੁਕੇਸ਼ ਅੰਬਾਨੀ ਨੇ ਕਿਹਾ ਕਿ ਭਾਰਤ ’ਚ ਚਾਲੂ ਕੁੱਲ 5ਜੀ ਸੈੱਲ ’ਚੋਂ ਲਗਭਗ 85 ਫੀਸਦੀ ਜੀਓ ਦੇ ਨੈੱਟਵਰਕ ’ਚ ਹੈ। ਕੰਪਨੀ ਆਪਣੇ ਨੈੱਟਵਰਕ ’ਚ ਹਰ 10 ਸਕਿੰਟ ’ਚ ਇਕ 5ਜੀ ਸੈੱਲ ਜੋੜ ਰਹੀ ਹੈ ਅਤੇ ਦਸੰਬਰ ਤੱਕ ਸਾਡੇ ਕੋਲ ਲਗਭਗ 1 ਮਿਲੀਅਨ 5ਜੀ ਸੈੱਲ ਚਾਲੂ ਹੋ ਜਾਣਗੇ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਭਾਰਤ ਵਿਚ ਚਾਲੂ ਕੁੱਲ 5ਜੀ ਸੈੱਲ ’ਚੋਂ ਲਗਭਗ 85 ਫੀਸੀਦ ਜੀਓ ਦੇ ਨੈੱਟਵਰਕ ’ਚ ਹਨ। ਆਪਣੀ ਮੌਜੂਦਾ ਰਫਤਾਰ ਨਾਲ ਅਸੀਂ ਆਪਣੇ ਨੈੱਟਵਰਕ ’ਚ ਹਰ 10 ਸਕਿੰਟ ’ਚ ਇਕ 5ਜੀ ਸੈੱਲ ਜੋੜ ਰਹੇ ਹਾਂ ਅਤੇ ਦਸੰਬਰ ਤੱਕ ਸਾਡੇ ਕੋਲ ਲਗਭਗ 1 ਮਿਲੀਅਨ 5ਜੀ ਸੈੱਲ ਚਾਲੂ ਹੋ ਜਾਣਗੇ।
8.28 ਲੱਖ ਕਰੋੜ ਦਾ ਹੋਇਆ ਰਿਲਾਇੰਸ ਰਿਟੇਲ
ਮੁਕੇਸ਼ ਅੰਬਾਨੀ ਨੇ ਰਿਲਾਇੰਸ ਰਿਟੇਲ ’ਤੇ ਗੱਲ ਕਰਦੇ ਹੋਏ ਕਿਹਾ ਕਿ ਰਿਲਾਇੰਸ ਰਿਟੇਲ ਦਾ ਵੈਲਿਊਏਸ਼ਨ 2020 ਵਿਚ 4.28 ਲੱਖ ਕਰੋੜ ਤੋਂ ਵਧ ਕੇ ਅੱਜ 8.28 ਲੱਖ ਕਰੋੜ ਰੁਪਏ ਹੋ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਰਿਲਾਇੰਸ ਰਿਟੇਲ ਨੇ ਵਿੱਤੀ ਸਾਲ 2023 ਵਿਚ 2,60,364 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ। ਕੰਪਨੀ ਦਾ ਐਬਿਟਡਾ 17,928 ਕਰੋੜ ਰੁਪਏ ਰਿਹਾ ਅਤੇ ਸ਼ੁੱਧ ਮੁਨਾਫਾ 9,181 ਕਰੋੜ ਦਾ ਦੇਖਣ ਨੂੰ ਮਿਲਿਆ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਰਿਟੇਲ ਗਲੋਬਲੀ ਟੌਪ-100 ਵਿਚ ਇਕੋ-ਇਕ ਭਾਰਤੀ ਰਿਟੇਲਰ ਹੈ ਅਤੇ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਧਦੀ ਰਿਟੇਲਰਾਂ ’ਚੋਂ ਇਕ ਹੈ।
ਇਹ ਵੀ ਪੜ੍ਹੋ : ਦੁਨੀਆ ’ਚ ਫਿਰ ਮਚੇਗੀ ਹਾਹਾਕਾਰ, ਭਾਰਤ ਵੱਲੋਂ ਹੁਣ ਬਾਸਮਤੀ ਚੌਲਾਂ ਦੀ ਐਕਸਪੋਰਟ ਵੀ ਬੈਨ!
ਐਨਰਜੀ ਐਕਸਪੋਰਟਰ ਬਣੇਗਾ ਭਾਰਤ
ਉਨ੍ਹਾਂ ਨੇ ਕਿਹਾ ਕਿ ਰਿਲਾਇੰਸ ਕੋਲ ਭਾਰਤ ਨੂੰ ਸ਼ੁੱਧ ਐਨਰਜੀ ਇੰਪੋਰਟਰ ਤੋਂ ਐਨਰਜੀ ਐਕਸਪੋਰਟਰ ਬਣਾਉਣ ਦੀ ਸਥਿਤੀ ’ਚ ਹੈ। ਜਾਮਨਗਰ ’ਚ ਧੀਰੂਭਾਈ ਅੰਬਾਨੀ ਗ੍ਰੀਨ ਐਨਰਜੀ ਗੀਗਾ ਮੈਨੂਫੈਕਚਰਿੰਗ ਕੰਪਲੈਕਸ ’ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਸਾਡੀ ਤਰਜੀਹ ਫੁਲੀ ਇੰਟੀਗ੍ਰੇਟੇਡ ਐਂਡ ਟੂ ਐਂਡ ਸੋਲਰ ਪੀ. ਵੀ. ਮੈਨੂਫੈਕਚਰਿੰਗ ਈਕੋ ਸਿਸਟਮ ਬਣਾਉਣ ਦੀ ਹੈ। ਸਾਡਾ ਟੀਚਾ 2026 ਤੱਕ ਬੈਟਰੀ ਗੀਗਾ ਫੈਕਟਰੀ ਬਣਾਉਣ ਦਾ ਹੈ। ਇਹ ਬੈਟਰੀ ਕੈਮੀਕਲਸ ਸੈੱਲਸ ਅਤੇ ਪੈਕਸ ਬਣਾਏਗੀ। ਅਸੀਂ ਗੈਸ ਪ੍ਰੋਡਕਸ਼ਨ ਵਧਾ ਰਹੇ ਹਾਂ। ਗੈਸ ਕਲੀਨ ਐਨਰਜੀ ਦਾ ਵੱਡਾ ਸ੍ਰੋਤ ਹੈ। ਇਸ ਨਾਲ ਦੇਸ਼ ਨੂੰ ਸਾਲਾਨਾ 7 ਅਰਬ ਡਾਲਰ ਦੀ ਬੱਚਤ ਹੋਵੇਗੀ।
ਭਾਰਤ ਵਿਚ ਵੱਡੀਆਂ ਸੰਭਾਵਨਾਵਾਂ : ਲੈਰੀ ਫਿੰਕ
ਬਲੈਕਰਾਕ ਦੇ ਸੀ. ਈ. ਓ. ਲੈਰੀ ਫਿੰਕ ਨੇ ਕਿਹਾ ਕਿ ਰਿਲਾਇੰਸ ਨਾਲ ਉਨ੍ਹਾਂ ਦੇ ਜੁਆਇੰਟ ਵੈਂਚਰ ਨਾਲ ਭਾਰਤ ਵਿਚ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ। ਅਸੀਂ ਪਿਛਲੇ ਕਈ ਸਾਲ ਤੋਂ ਭਾਰਤ ਵਿਚ ਕੰਮ ਕਰ ਰਹੇ ਹਾਂ। ਮੁੰਬਈ, ਗੁਰੂਗ੍ਰਾਮ ਅਤੇ ਬੇਂਗਲੁਰੂ ’ਚ ਸਾਡੇ ਆਫਿਸ ਹਨ। ਭਾਰਤ ਵਿਚ ਲੋਕਾਂ ਦੀ ਆਮਦਨ ਵਧ ਰਹੀ ਹੈ ਅਤੇ ਇਸ ਦੇ ਨਾਲ ਹੀ ਅਸੈਟ ਮੈਨੇਜਮੈਂਟ ਦੀ ਮੰਗ ਵੀ ਵਧ ਰਹੀ ਹੈ। ਅਸੀਂ ਜੁਆਇੰਟ ਵੈਂਚਰ ਰਾਹੀਂ ਭਾਰਤ ਵਿਚ ਅਸੈਟ ਮੈਨੇਜਮੈਂਟ ਨੂੰ ਬਦਲਣਾ ਚਾਹੁੰਦੇ ਹਾਂ।
ਜੀਓ ਸਿਨੇਮਾ ਹੁਣ ਦੇਸ਼ ਦਾ ਸਭ ਤੋਂ ਵੱਡਾ ਡਿਜੀਟਲ ਮਨੋਰੰਜਨ ਮੰਚ
ਅੰਬਾਨੀ ਨੇ ਕਿਹਾ ਕਿ ਸਮੂਹ ਦਾ ਆਨਲਾਈਨ ਸਟ੍ਰੀਮਿੰਗ ਮੰਚ ਜੀਓ ਸਿਨੇਮਾ ਹੁਣ ਦੇਸ਼ ਦਾ ਸਭ ਤੋਂ ਵੱਡਾ ਡਿਜੀਟਲ ਮਨੋਰੰਜਨ ਮੰਚ ਬਣ ਚੁੱਕਾ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੂਰਨਾਮੈਂਟ ਦੌਰਾਨ ਜੀਓ ਸਿਨੇਮਾ ਦੇ ਮੰਚ ’ਤੇ 45 ਕਰੋੜ ਦਰਸ਼ਕਾਂ ਨੇ ਮੁਕਾਬਲੇ ਦੇਖੇ। ਇਸ ਨੇ ਆਈ. ਪੀ. ਐੱਲ. ਦੌਰਾਨ ਮੰਚ ’ਤੇ ਮੁਫਤ ਵਿਚ ਮੈਚ ਦੇਖਣ ਦੀ ਪੇਸ਼ਕਸ਼ ਕੀਤੀ ਸੀ। ਅੰਬਾਨੀ ਨੇ ਕਿਹਾ ਕਿ ਜੀਓ ਸਿਨੇਮਾ ਹੁਣ ਹਿੱਟ ਫਿਲਮਾਂ, ਓ. ਟੀ. ਟੀ.-ਕੇਂਦਰਿਤ ਪ੍ਰੋਗਰਾਮਾਂ, ਰੀਅਲਟੀ ਸ਼ੋਅ ਅਤੇ ਐੱਚ. ਬੀ. ਓ. ਅਤੇ ਐੱਨ. ਬੀ. ਸੀ. ਯੂ. ਵਰਗੇ ਗਲੋਬਲ ਸਟੂਡੀਓ ਤੋਂ ਖਾਸ ਸਮੱਗਰੀ ਦੀ ਪੇਸ਼ਕਸ਼ ਕਰਨ ਵਾਲਾ ਦੇਸ਼ ਦਾ ਸਭ ਤੋਂ ਵੱਡਾ ਡਿਜੀਟਲ ਮਨੋਰੰਜਨ ਮੰਚ ਬਣ ਚੁੱਕਾ ਹੈ।
ਰਿਲਾਇੰਸ ਨੇ 10 ਸਾਲਾਂ ’ਚ 150 ਅਰਬ ਡਾਲਰ ਦਾ ਨਿਵੇਸ਼ ਕੀਤਾ : ਮੁਕੇਸ਼ ਅੰਬਾਨੀ
ਰਿਲਾਇੰਸ ਇੰਡਸਟ੍ਰੀਜ਼ ਲਿਮ. ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਸੋਮਵਾਰ ਨੂੰ ਕਿਹਾ ਕਿ ਕੰਪਨੀ ਨੇ ਪਿਛਲੇ 10 ਸਾਲਾਂ ’ਚ ਕੁੱਲ ਮਿਲਾ ਕੇ 150 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਇਹ ਕਿਸੇ ਕੰਪਨੀ ਦਾ ਇਸ ਮਿਆਦ ਵਿਚ ਹੁਣ ਤੱਕ ਦਾ ਸਭ ਤੋਂ ਵੱਧ ਨਿਵੇਸ਼ ਹੈ। ਕੰਪਨੀ ਦੀ ਸਾਲਾਨਾ ਆਮ ਬੈਠਕ (ਏ. ਜੀ. ਐੱਮ.) ਵਿਚ ਅੰਬਾਨੀ ਨੇ ਕਿਹਾ ਕਿ ਰਿਲਾਇੰਸ ਉੱਭਰਦੇ ਨਵੇਂ ਭਾਰਤ ’ਚ ਮੋਹਰੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਅਸੰਭਵ ਲੱਗਣ ਵਾਲੇ ਟੀਚੇ ਤੈਅ ਕੀਤਾ ਅਤੇ ਉਨ੍ਹਾਂ ਨੂੰ ਹਾਸਲ ਕੀਤਾ।
ਇਹ ਵੀ ਪੜ੍ਹੋ : ਚੀਨੀ ਲੋਕਾਂ ਨੇ ਜਾਪਾਨੀ ਉਤਪਾਦਾਂ ਦਾ ਕੀਤਾ ਬਾਇਕਾਟ, ਖ਼ਰੀਦਿਆ ਸਾਮਾਨ ਵੀ ਕਰ ਰਹੇ ਵਾਪਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8