2021-22 'ਚ ਜੀ. ਡੀ. ਪੀ. ਗ੍ਰੋਥ ਦਰ 10.5 ਫ਼ੀਸਦੀ ਰਹਿਣ ਦੀ ਉਮੀਦ : RBI
Wednesday, Apr 07, 2021 - 03:03 PM (IST)
ਮੁੰਬਈ- ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਨੀਤੀਗਤ ਸਮੀਖਿਆ ਦੀ ਘੋਸ਼ਣਾ ਕਰਦੇ ਮੌਜੂਦਾ ਵਿੱਤੀ ਸਾਲ ਲਈ ਆਰਥਿਕ ਵਿਕਾਸ 10.5 ਫ਼ੀਸਦੀ ਰਹਿਣ ਦਾ ਆਪਣਾ ਅਨੁਮਾਨ ਬਰਕਰਾਰ ਰੱਖਿਆ ਹੈ। ਹਾਲਾਂਕਿ, ਆਰ. ਬੀ. ਆਈ. ਨੇ ਕਿਹਾ ਕਿ ਕੋਵਿਡ-19 ਸੰਕਰਮਣ ਦੇ ਮਾਮਲਿਆਂ ਵਿਚ ਹੋਏ ਵਾਧੇ ਨੇ ਆਰਥਿਕ ਵਿਕਾਸ ਦਰ ਵਿਚ ਸੁਧਾਰ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਕੀਤੀ ਹੈ।
ਸਮੀਖਿਆ ਵਿਚ ਕਿਹਾ ਗਿਆ ਹੈ ਕਿ ਵੱਖ-ਵੱਖ ਕਾਰਕਾਂ ਨੂੰ ਧਿਆਨ ਵਿਚ ਰੱਖਦਿਆਂ ਜੀ. ਡੀ. ਪੀ. ਵਿਕਾਸ ਦਰ 2021-22 ਵਿਚ 10.5 ਫ਼ੀਸਦੀ ਰਹਿਣ ਦਾ ਅਨੁਮਾਨ ਹੈ। ਪਹਿਲੀ ਤਿਮਾਹੀ ਵਿਚ ਇਹ 26.2 ਫ਼ੀਸਦੀ, ਦੂਜੀ ਤਿਮਾਹੀ ਵਿਚ 8.3 ਫ਼ੀਸਦੀ, ਤੀਜੀ ਤਿਮਾਹੀ ਵਿਚ 5.4 ਫ਼ੀਸਦੀ ਅਤੇ ਚੌਥੀ ਤਿਮਾਹੀ ਵਿਚ 6.2 ਫ਼ੀਸਦੀ ਰਹਿਣ ਦਾ ਅਨੁਮਾਨ ਹੈ।
ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਨੇ ਅਰਥਵਿਵਸਥਾ 'ਤੇ ਕੋਵਿਡ ਦੇ ਅਸਰ ਨੂੰ ਦੇਖਦੇ ਹੋਏ ਨੀਤੀਗਤ ਰੁਖ਼ ਨਰਮ ਰੱਖਣ ਦਾ ਫ਼ੈਸਲਾ ਕੀਤਾ ਹੈ, ਜਿਸ ਦਾ ਅਰਥ ਹੈ ਕਿ ਹਾਲਾਤ ਦੇ ਮੱਦੇਨਜ਼ਰ ਆਰ. ਬੀ. ਆਈ. ਵਿਆਜ ਦਰਾਂ ਵਿਚ ਕਟੌਤੀ ਵੀ ਕਰ ਸਕਦਾ ਹੈ। ਆਰ. ਬੀ. ਆਈ. ਨੇ ਕਿਹਾ ਕਿ ਨਿਰਮਾਣ, ਸੇਵਾਵਾਂ ਅਤੇ ਬੁਨਿਆਦੀ ਢਾਂਚਾ ਖੇਤਰਾਂ ਦੀਆਂ ਕੰਪਨੀਆਂ ਮੰਗ ਵਿਚ ਵਾਧੇ ਨੂੰ ਲੈ ਕੇ ਆਸਵੰਦ ਹਨ ਪਰ ਦੂਜੀ ਪਾਸੇ ਕੋਵਿਡ-19 ਸੰਕਰਮਣ ਦੇ ਮਾਮਲੇ ਵਧਣ ਨਾਲ ਖ਼ਪਤਕਾਰ ਭਰੋਸਾ ਕਮਜ਼ੋਰ ਹੋਇਆ ਹੈ।