‘ਮਹਾਮਾਰੀ ਦਰਮਿਆਨ ਅਮੀਰ-ਗਰੀਬ ਦੇ ਦਰਮਿਆਨ ਵਧਦਾ ਪਾੜਾ ਅਸੰਤੁਲਿਤ ਪੁਨਰ-ਸੁਰਜੀਤੀ ਦੀ ਕਹਾਣੀ ਬਿਆਨ ਕਰ ਰਿਹੈ’
Sunday, Jun 13, 2021 - 08:27 PM (IST)

ਨਵੀਂ ਦਿੱਲੀ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਡੀ. ਸੁਬਾਰਾਵ ਨੇ ‘ਅਸੰਤੁਲਿਤ’ ਪੁਨਰ-ਸੁਰਜੀਤੀ ਨੂੰ ਲੈ ਕੇ ਡੁੂੰਘੀ ਚਿੰਤਾ ਪ੍ਰਗਟਾਈ ਹੈ। ਸੁਬਾਰਾਵ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦਰਮਿਆਨ ਆਮਦਨ ਸਮਾਨਤਾ ਯਾਨੀ ਅਮੀਰ-ਗਰੀਬ ਦੇ ਦਰਮਿਆਨ ਪਾੜਾ ਹੋਰ ਵਧ ਰਿਹਾ ਹੈ, ਜੋ ਅਸੰਤੁਲਿਤ ਪੁਨਰ-ਸੁਰਜੀਤੀ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅੱਗ ਚੱਲ ਕੇ ਇਹ ਰੁਖ ਵਾਧੇ ਦੀਆਂ ਸੰਭਾਵਨਾਵਾਂ ਨੂੰ ਝਟਕਾ ਦੇ ਸਕਦਾ ਹੈ।
ਸੁਬਾਰਾਵ ਨੇ ਕਿਹਾ ਕਿ ਅਸੰਤੁਲਿਤ ਪੁਨਰ-ਸੁਰਜੀਤੀ ਸਿਧਾਂਤਿਕ ਤੌਰ ’ਤੇ ਗਲਤ ਅਤੇ ਸਿਆਸੀ ਨਜ਼ਰੀਏ ਨਾਲ ਨੁਕਸਾਨ ਪਹੁੰਚਾਉਣ ਵਾਲੀ ਹੈ। ਘਰੇਲੂ ਬਾਜ਼ਾਰ ’ਚ ਤਰਲਤਾ ਅਤੇ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਕਾਰਨ ਮਹਾਮਾਰੀ ਦਰਮਿਆਨ ਅੜਚਨਾਂ ਦੇ ਬਾਵਜੂਦ ਸ਼ੇਅਰਾਂ ਅਤੇ ਹੋਰ ਸੰਪਤੀਆਂ ਦਾ ਮੁੱਲ ਵਧ ਰਿਹਾ ਹੈ। ਸਾਬਕਾ ਗਵਰਨਰ ਨੇ ਕਿਹਾ ਕਿ ਪਹਿਲਾਂ ਉਮੀਦ ਜਤਾਈ ਜਾ ਰਹੀ ਸੀ ਕਿ ਇਸ ਸਾਲ ਅਰਥਵਿਵਸਥਾ ’ਚ ਜ਼ਬਰਦਸਤ ਸੁਧਾਰ ਦੇਖਣ ਨੂੰ ਮਿਲੇਗਾ ਪਰ ਮਹਾਮਾਰੀ ਦੀ ਨਵੀਂ ਲਹਿਰ ਨਾਲ ਇਹ ਉਮੀਦਾਂ ਢਹਿ-ਢੇਰੀ ਹੋ ਗਈਆਂ ਹਨ।
ਮਹਾਮਾਰੀ ਦੀ ਦੂਜੀ ਲਹਿਰ ਨਾਲ ਉਮੀਦਾਂ ਨੂੰ ਲੱਗਾ ਝਟਕਾ
ਸੁਬਾਰਾਵ ਨੇ ਕਿਹਾ ਕਿ ਪਿਛਲੇ ਸਾਲ ਅਰਥਵਿਵਸਥਾ ’ਚ ਚਾਰ ਦਹਾਕਿਆਂ ’ਚ ਪਹਿਲੀ ਵਾਰ ਗਿਰਾਵਟ ਆਈ। ਅਰਥਵਿਵਸਥਾ 7.3 ਫੀਸਦੀ ਹੇਠਾਂ ਆਈ। ਹਾਲਾਂਕਿ ਇਹ ਗਿਰਾਵਟ ਪਹਿਲਾਂ ਲਗਾਏ ਗਏ ਅਨੁਮਾਨਾਂ ਤੋਂ ਘੱਟ ਸੀ ਪਰ ਇਹ ਇੰਨੀ ਡੂੰਘੀ ਜ਼ਰੂਰੀ ਸੀ ਕਿ ਇਸ ਨੇ ਅਸੰਗਠਿਤ ਖੇਤਰ ਦੇ ਲੱਖਾਂ ਪਰਿਵਾਰਾਂ ਲਈ ਮੁਸ਼ਕਲਾਂ ਪੈਦਾ ਹੋ ਗਈਆਂ। ਇਸ ਸਾਲ ਅਰਥਵਿਵਸਥਾ ’ਚ ਜ਼ੋਰਦਾਰ ਪੁਨਰ-ਸੁਰਜੀਤੀ ਦੀ ਉਮੀਦ ਸੀ ਪਰ ਮਹਾਮਾਰੀ ਦੀ ਦੂਜੀ ਲਹਿਰ ਨਾਲ ਇਨ੍ਹਾਂ ਉਮੀਦਾਂ ਨੂੰ ਝਟਕਾ ਲੱਗਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਵੀ ਚਾਲੂ ਵਿੱਤੀ ਸਾਲ ਲਈ ਆਪਣੇ ਵਾਧਾ ਦਰ ਦੇ ਅਨੁਮਾਨ ਨੂੰ 10.5 ਫੀਸਦੀ ਤੋਂ ਘਟਾ ਕੇ 9.5 ਫੀਸਦੀ ਕਰ ਦਿੱਤਾ ਹੈ।