ਸੈਰ-ਸਪਾਟੇ ਦੇ ਸ਼ੌਕੀਨਾਂ ਲਈ 15 ਜੂਨ ਤੋਂ ਹਵਾਈ ਅੱਡੇ ਖੋਲ੍ਹਣ ਜਾ ਰਿਹੈ ਗ੍ਰੀਸ
Saturday, May 30, 2020 - 01:11 PM (IST)

ਏਥਨਜ਼— ਗ੍ਰੀਸ 15 ਜੂਨ ਤੋਂ ਏਥਨਜ਼ ਅਤੇ ਥੇਸਾਲੋਨਿਕੀ 'ਚ ਆਪਣੇ ਹਵਾਈ ਅੱਡਿਆਂ ਨੂੰ ਦੁਬਾਰਾ 29 ਦੇਸ਼ਾਂ ਦੇ ਯਾਤਰੀਆਂ ਲਈ ਖੋਲ੍ਹਣ ਜਾ ਰਿਹਾ ਹੈ। ਹਾਲਾਂਕਿ, ਹਵਾਈ ਅੱਡੇ 'ਤੇ ਉਤਰਨ ਵਾਲੇ ਯਾਤਰੀਆਂ ਦੀ ਕੋਰੋਨਾ ਵਾਇਰਸ ਜਾਂਚ ਕੀਤੀ ਜਾਵੇਗੀ।
ਗ੍ਰੀਸ ਦੇ ਸੈਰ-ਸਪਾਟਾ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਜਰਮਨੀ, ਆਸਟਰੀਆ, ਡੈਨਮਾਰਕ, ਫਿਨਲੈਂਡ, ਚੈੱਕ ਗਣਰਾਜ, ਬਾਲਟਿਕ ਦੇਸ਼ਾਂ, ਸਾਈਪ੍ਰਸ ਅਤੇ ਮਾਲਟਾ ਸਮੇਤ 16 ਯੂਰਪੀ ਦੇਸ਼ਾਂ ਤੋਂ ਯਾਤਰੀਆਂ ਨੂੰ ਗ੍ਰੀਸ ਆਉਣ ਦੀ ਇਜ਼ਾਜ਼ਤ ਦਿੱਤੀ ਜਾਵੇਗੀ।
ਉੱਥੇ ਹੀ, ਕੋਰੋਨਾ ਵਾਇਰਸ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼- ਜਿਵੇਂ ਕਿ ਫਰਾਂਸ, ਸਪੇਨ, ਬ੍ਰਿਟੇਨ ਅਤੇ ਇਟਲੀ ਇਸ ਸੂਚੀ 'ਚ ਸ਼ਾਮਲ ਨਹੀਂ ਹਨ। ਯੂਰਪ ਤੋਂ ਬਾਹਰ, ਸਵਿਟਜ਼ਰਲੈਂਡ, ਨਾਰਵੇ ਤੇ ਗੁਆਂਢੀ ਬਾਲਕਨ ਦੇਸ਼ਾਂ ਜਿਵੇਂ ਕਿ ਅਲਬਾਨੀਆ, ਸਰਬੀਆ ਅਤੇ ਉੱਤਰੀ ਮੈਸੇਡੋਨੀਆ ਤੋਂ ਛੁੱਟੀਆਂ ਮਨਾਉਣ ਲਈ ਆਉਣ ਵਾਲਿਆਂ ਨੂੰ 15 ਜੂਨ ਤੋਂ ਗ੍ਰੀਸ ਦੇ ਪ੍ਰਮੁੱਖ ਹਵਾਈ ਅੱਡਿਆਂ 'ਤੇ ਉਤਰਨ ਦੀ ਇਜਾਜ਼ਤ ਹੋਵੇਗੀ। ਇਸ ਸੂਚੀ 'ਚ ਆਸਟਰੇਲੀਆ, ਜਾਪਾਨ, ਇਜ਼ਰਾਇਲ, ਲੇਬਨਾਨ, ਚੀਨ, ਨਿਊਜ਼ੀਲੈਂਡ ਤੇ ਦੱਖਣੀ ਕੋਰੀਆ ਵੀ ਸ਼ਾਮਲ ਹਨ। ਮੰਤਰਾਲਾ ਨੇ ਕਿਹਾ ਕਿ 1 ਜੁਲਾਈ ਤੋਂ ਪਹਿਲਾਂ ਹੋਰ ਦੇਸ਼ ਸ਼ਾਮਲ ਕੀਤੇ ਜਾ ਸਕਦੇ ਹਨ, ਜਦੋਂ ਦੇਸ਼ ਦੇ ਖੇਤਰੀ ਹਵਾਈ ਅੱਡੇ ਵੀ ਮੁੜ ਖੁੱਲ੍ਹ ਜਾਣਗੇ। ਗ੍ਰੀਸ ਨੇ 4 ਮਈ ਨੂੰ ਲਾਕਡਾਊਨ ਪਾਬੰਦੀਆਂ ਨੂੰ ਹੌਲੀ-ਹੌਲੀ ਖਤਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਅਗਲੇ ਮਹੀਨੇ ਹੋਟਲ ਦੁਬਾਰਾ ਖੁੱਲ੍ਹਣੇ ਸ਼ੁਰੂ ਹੋ ਜਾਣਗੇ। ਗ੍ਰੀਸ ਨੇ ਛੇਤੀ ਹੀ ਲਾਕਡਾਊਨ ਲਾ ਦਿੱਤਾ ਸੀ। ਹੁਣ ਤੱਕ ਇੱਥੇ 175 ਮੌਤਾਂ ਹੋਈਆਂ ਹਨ ਅਤੇ ਸਿਰਫ 2,900 ਤੋਂ ਵੱਧ ਮਾਮਲੇ ਹਨ, ਇਸ ਦੇ ਬਹੁਤੇ ਹਿੱਸਿਆਂ 'ਚ ਮਾਮਲੇ ਦਰਜ ਨਹੀਂ ਹੋਏ ਹਨ।