ਆਮ ਜਨਤਾ ਨੂੰ ਵੱਡੀ ਰਾਹਤ, ਬਿਨਾਂ ਸਬਸਿਡੀ ਵਾਲੇ ਸਿਲੰਡਰ ਹੋਏ ਸਸਤੇ

Tuesday, Aug 01, 2017 - 03:53 PM (IST)

ਆਮ ਜਨਤਾ ਨੂੰ ਵੱਡੀ ਰਾਹਤ, ਬਿਨਾਂ ਸਬਸਿਡੀ ਵਾਲੇ ਸਿਲੰਡਰ ਹੋਏ ਸਸਤੇ

ਨਵੀਂ ਦਿੱਲੀ— ਮੰਗਲਵਾਰ ਨੂੰ ਆਮ ਜਨਤਾ ਨੂੰ ਵੱਡੀ ਰਾਹਤ ਮਿਲੀ ਹੈ। ਤੇਲ ਕੰਪਨੀਆਂ ਨੇ 1 ਅਗਸਤ ਨੂੰ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ 'ਚ ਵੱਡੀ ਕਟੌਤੀ ਕੀਤੀ ਹੈ। ਉੱਥੇ ਹੀ, ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ। ਸਬਸਿਡੀ ਵਾਲੇ ਸਿਲੰਡਰ ਦੀਆਂ ਕੀਮਤਾਂ 'ਚ ਹਰ ਮਹੀਨੇ ਵਾਧਾ ਕੀਤਾ ਜਾਵੇਗਾ, ਤਾਂ ਕਿ 2018 ਤਕ ਸਬਸਿਡੀ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਜਾਵੇ। 
ਸਬਸਿਡੀ ਵਾਲਾ ਮਹਿੰਗਾ, ਬਿਨਾਂ ਸਬਸਿਡੀ ਵਾਲੇ 'ਤੇ ਰਾਹਤ
ਤੇਲ ਮਾਰਕੀਟਿੰਗ ਕੰਪਨੀਆਂ ਨੇ ਸਬਸਿਡੀ ਵਾਲੇ ਸਿਲੰਡਰ ਦੇ ਮੁੱਲ 'ਚ 2 ਰੁਪਏ ਦਾ ਵਾਧਾ ਕਰ ਦਿੱਤਾ ਹੈ। ਉੱਥੇ ਹੀ ਬਿਨਾਂ ਸਬਸਿਡੀ ਵਾਲਾ ਸਿਲੰਡਰ 40 ਰੁਪਏ ਸਸਤਾ ਮਿਲੇਗਾ। ਨਵੇਂ ਮੁੱਲ ਅੱਜ ਤੋਂ ਲਾਗੂ ਹੋ ਗਏ ਹਨ। ਸਬਸਿਡੀ ਵਾਲਾ ਸਿਲੰਡਰ ਹੁਣ ਦਿੱਲੀ 'ਚ 479.77 ਰੁਪਏ ਦਾ ਮਿਲੇਗਾ। ਬਿਨਾਂ ਸਬਸਿਡੀ ਵਾਲਾ ਸਿਲੰਡਰ 564 ਰੁਪਏ ਤੋਂ ਘੱਟ ਕੇ 524 ਰੁਪਏ ਦਾ ਹੋ ਗਿਆ ਹੈ। 
ਹਰ ਮਹੀਨੇ ਕੀਮਤਾਂ 'ਚ ਹੋਵੇਗਾ 4 ਰੁਪਏ ਦਾ ਵਾਧਾ
ਜ਼ਿਕਰਯੋਗ ਹੈ ਕਿ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੱਲ ਲੋਕ ਸਭਾ 'ਚ ਦੱਸਿਆ ਸੀ ਕਿ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਰਸੋਈ ਗੈਸ ਸਿਲੰਡਰ ਦੀ ਸਬਸਿਡੀ ਹੌਲੀ-ਹੌਲੀ ਖਤਮ ਕਰਨ ਲਈ ਹਰ ਮਹੀਨੇ ਚਾਰ ਰੁਪਏ ਪ੍ਰਤੀ ਸਿਲੰਡਰ ਵਧਾਉਣ ਲਈ ਕਿਹਾ ਹੈ। ਸਰਕਾਰ ਅਗਲੇ ਸਾਲ ਮਾਰਚ ਤਕ ਰਸੋਈ ਗੈਸ ਸਬਸਿਡੀ ਖਤਮ ਕਰਨਾ ਚਾਹੁੰਦੀ ਹੈ। ਪਹਿਲਾਂ ਕੰਪਨੀਆਂ ਨੂੰ ਹਰ ਮਹੀਨੇ ਦੋ ਰੁਪਏ ਵਧਾਉਣ ਨੂੰ ਕਿਹਾ ਗਿਆ ਸੀ। ਇਸ ਮੁਤਾਬਕ ਅਗਲੇ ਮਹੀਨੇ ਤੋਂ ਸਬਸਿਡੀ ਵਾਲਾ ਸਿਲੰਡਰ 4 ਰੁਪਏ ਮਹਿੰਗਾ ਹੋ ਜਾਵੇਗਾ। 


Related News