ਦਿੱਲੀ, ਮੁੰਬਈ ਸਣੇ ਇਨ੍ਹਾਂ Airports ਦੀ ਰਹਿੰਦੀ ਹਿੱਸੇਦਾਰੀ ਵੀ ਵੇਚੇਗੀ ਸਰਕਾਰ
Sunday, Mar 14, 2021 - 03:19 PM (IST)
ਨਵੀਂ ਦਿੱਲੀ- ਸਰਕਾਰ ਦਿੱਲੀ, ਮੁੰਬਈ, ਬੇਂਗਲੁਰੂ ਅਤੇ ਹੈਦਰਾਬਾਦ ਹਵਾਈ ਅੱਡਿਆਂ ਵਿਚ ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ. ਏ. ਆਈ.) ਦੀ ਬਚੀ ਹੋਈ ਹਿੱਸੇਦਾਰੀ ਨੂੰ ਵੀ ਵੇਚਣ ਦੀ ਯੋਜਨਾ ਬਣਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰੀ ਜਾਇਦਾਦਾਂ ਦੇ ਮੁਦਰਕੀਰਨ ਜ਼ਰੀਏ 2.50 ਲੱਖ ਕਰੋੜ ਰੁਪਏ ਜੁਟਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਇਹ ਕਦਮ ਚੁੱਕਿਆ ਜਾਵੇਗਾ। ਦਿੱਲੀ, ਮੁੰਬਈ, ਬੇਂਗਲੁਰੂ ਅਤੇ ਹੈਦਰਾਬਾਦ ਹਵਾਈ ਅੱਡਿਆਂ ਵਿਚ ਇਸ ਸਮੇਂ ਸਰਕਾਰ ਦੀ 26 ਫ਼ੀਸਦੀ ਹਿੱਸੇਦਾਰੀ ਬਚੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਇਸ ਸਬੰਧੀ ਸਕੱਤਰਾਂ ਦੀ ਕਮੇਟੀ ਦੀ ਬੈਠਕ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਉੱਥੇ ਹੀ, ਵਿੱਤੀ ਸਾਲ 2021-22 ਵਿਚ 13 ਹੋਰ ਹਵਾਈ ਅੱਡਿਆਂ ਦਾ ਨਿੱਜੀਕਰਨ ਕੀਤਾ ਜਾਵੇਗਾ।
ਸ਼ਹਿਰੀ ਹਵਾਬਾਜ਼ੀ ਮੰਤਰਾਲਾ ਦਿੱਲੀ, ਮੁੰਬਈ, ਬੇਂਗਲੁਰੂ ਤੇ ਹੈਦਰਾਬਾਦ ਹਵਾਈ ਅੱਡਿਆਂ ਵਿਚ ਏ. ਏ. ਆਈ. ਦੀ ਹਿੱਸੇਦਾਰੀ ਵੇਚਣ ਲਈ ਅਗਲੇ ਕੁਝ ਦਿਨਾਂ ਵਿਚ ਮੰਤਰੀ ਮੰਡਲ ਦੀ ਮਨਜ਼ੂਰੀ ਲਵੇਗਾ। ਮੌਜੂਦਾ ਸਮੇਂ ਇਨ੍ਹਾਂ ਚਾਰ ਹਵਾਈ ਅੱਡਿਆਂ ਦਾ ਸੰਚਾਲਨ ਨਿੱਜੀ ਖੇਤਰ ਦੇ ਨਾਲ ਸਾਂਝੇ ਉੱਦਮ ਤਹਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਗਰਮੀ ਦਾ ਪਾਰਾ ਚੜ੍ਹਨ ਤੋਂ ਪਹਿਲਾਂ 8 ਫ਼ੀਸਦੀ ਮਹਿੰਗੇ ਹੋਣਗੇ AC
ਸੂਤਰਾਂ ਮੁਤਾਬਕ, ਜਿਨ੍ਹਾਂ 13 ਹਵਾਈ ਅੱਡਿਆਂ ਦੀ ਨਿੱਜੀਕਰਨ ਲਈ ਪਛਾਣ ਕੀਤੀ ਗਈ ਹੈ, ਉਨ੍ਹਾਂ ਵਿਚੋਂ ਮੁਨਾਫੇ ਅਤੇ ਗੈਰ-ਮੁਨਾਫੇ ਵਾਲੇ ਹਵਾਈ ਅੱਡੇ ਕਲੱਬ ਕੀਤੇ ਜਾ ਸਕਦੇ ਹਨ ਤਾਂ ਜੋ ਨਿੱਜੀਕਰਨ ਦੌਰਾਨ ਵਧੀਆ ਪੈਕੇਜ ਮਿਲ ਸਕੇ। ਇਸ ਤੋਂ ਪਹਿਲਾਂ ਸਰਕਾਰ ਲਖਨਊ, ਅਹਿਮਦਾਬਾਦ, ਜੈਪੁਰ, ਮੇਂਗਲੁਰੂ, ਤਿਰੂਵਨੰਤਪੁਰਮ ਅਤੇ ਗੁਹਾਟੀ ਦੇ ਹਵਾਈ ਅੱਡਿਆਂ ਦਾ ਪਿਛਲੇ ਸਾਲ ਨਿੱਜੀਕਰਨ ਕਰ ਚੁੱਕੀ ਹੈ। ਗੌਰਤਲਬ ਹੈ ਕਿ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਤਹਿਤ ਏ. ਏ. ਆਈ. ਕੋਲ ਦੇਸ਼ ਭਰ ਵਿਚ 100 ਤੋਂ ਵੱਧ ਹਵਾਈ ਅੱਡੇ ਹਨ।
ਇਹ ਵੀ ਪੜ੍ਹੋ- ਸੋਮਵਾਰ ਤੋਂ ਖੁੱਲ੍ਹ ਰਹੇ ਨੇ ਇਹ ਪੰਜ ਆਈ. ਪੀ. ਓ., ਹੋ ਸਕਦੀ ਹੈ ਮੋਟੀ ਕਮਾਈ!