ਡਰਾਈਵਿੰਗ ਲਾਇਸੈਂਸ ਦੇ ਨਿਯਮਾਂ ''ਚ ਵੱਡਾ ਬਦਲਾਅ, ਮੋਦੀ ਸਰਕਾਰ ਨੇ 8ਵੀਂ ਪਾਸ ਦੀ ਸ਼ਰਤ ਹਟਾਈ

Wednesday, Jun 19, 2019 - 02:30 AM (IST)

ਨਵੀਂ ਦਿੱਲੀ-ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਨੇ ਡਰਾਈਵਿੰਗ ਲਾਇਸੈਂਸ ਦੇ ਨਿਯਮਾਂ 'ਚ ਵੱਡਾ ਬਦਲਾਅ ਕਰ ਦਿੱਤਾ ਹੈ। ਨਿਯਮਾਂ 'ਚ ਬਦਲਾਅ ਦੇ ਸਬੰਧ 'ਚ ਮੰਤਰਾਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਮੰਤਰਾਲਾ ਦੇ ਨੋਟੀਫਿਕੇਸ਼ਨ ਅਨੁਸਾਰ, ਹੁਣ ਡਰਾਈਵਿੰਗ ਲਾਇਸੈਂਸ ਬਣਵਾਉਣ ਜਾਂ ਰੀਨਿਊ ਕਰਵਾਉਣ ਲਈ 8ਵੀਂ ਪਾਸ ਸਿੱਖਿਅਕ ਯੋਗਤਾ ਦੀ ਜ਼ਰੂਰਤ ਨਹੀਂ ਹੈ।

ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਅਨੁਸਾਰ ਕੇਂਦਰੀ ਮੋਟਰ ਵਾਹਨ ਕਾਨੂੰਨ 1989 ਦੀ ਧਾਰਾ 8 ਤਹਿਤ ਡਰਾਈਵਿੰਗ ਲਾਇਸੈਂਸ ਲੈਣ ਲਈ 8ਵੀਂ ਪਾਸ ਦੀ ਲਾਜ਼ਮੀ ਯੋਗਤਾ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ। ਨੋਟਿਸ 'ਚ ਕਿਹਾ ਗਿਆ ਹੈ ਕਿ ਗਰੀਬ ਵਰਗ ਦੇ ਲੋਕਾਂ ਦੇ ਪੇਸ਼ੇ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਤੁਰੰਤ ਫਾਇਦਾ ਹੋਵੇਗਾ, ਜੋ 8ਵੀਂ ਪਾਸ ਨਾ ਹੋਣ ਕਾਰਨ ਆਪਣੇ ਲਾਇਸੈਂਸ ਰੀਨਿਊ ਨਹੀਂ ਕਰਵਾ ਪਾ ਰਹੇ ਹਨ। ਇਸ ਤੋਂ ਇਲਾਵਾ ਅਜਿਹੇ ਲੋਕ ਜੋ 8ਵੀਂ ਪਾਸ ਨਹੀਂ ਹਨ ਅਤੇ ਲਾਇਸੈਂਸ ਬਣਵਾਉਣਾ ਚਾਹੁੰਦੇ ਹਨ ਹੁਣ ਉਹ ਵੀ ਲਾਇਸੈਂਸ ਬਣਵਾ ਸਕਦੇ ਹਨ। ਮੰਤਰਾਲਾ ਦਾ ਕਹਿਣਾ ਹੈ ਕਿ ਇਸ ਬਦਲਾਅ ਤੋਂ ਬਾਅਦ ਦੇਸ਼ 'ਚ 22 ਲੱਖ ਡਰਾਈਵਰਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇਗਾ ਅਤੇ ਵੱਡੀ ਗਿਣਤੀ 'ਚ ਘੱਟ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇਗਾ। ਹਾਲਾਂਕਿ ਇਸ ਨਿਯਮ 'ਚ ਬਦਲਾਅ ਨਾਲ ਮੰਤਰਾਲਾ ਨੇ ਕਿਹਾ ਹੈ ਕਿ ਸੜਕ ਸੁਰੱਖਿਆ ਦੇ ਨਿਯਮਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਘੱਟ ਪੜ੍ਹੇ-ਲਿਖੇ ਲੋਕਾਂ ਨੂੰ ਟਰੇਨਿੰਗ ਜ਼ਰੀਏ ਸੜਕ ਸੁਰੱਖਿਆ ਦੇ ਨਿਯਮ ਦੱਸੇ ਜਾਣਗੇ।


Karan Kumar

Content Editor

Related News