ਕੋਰੋਨਾ ਨਾਲ ਨਜਿੱਠਣ ’ਚ ਮਦਦ ਲਈ AIIB ਦੇਵੇਗਾ 50 ਕਰੋਡ਼ ਡਾਲਰ
Saturday, May 09, 2020 - 02:04 AM (IST)

ਨਵੀਂ ਦਿੱਲੀ (ਰਾਈਟਰ)-ਭਾਰਤ ਸਰਕਾਰ ਅਤੇ ਏਸ਼ੀਅਨ ਇਨਫਰਾਸਟਰੱਕਚਰ ਇਨਵੈਸਟਮੈਂਟ ਬੈਂਕ (ਏ. ਆਈ. ਆਈ. ਬੀ.) ਨੇ ਕੋਰੋਨਾ ਵਾਇਰਸ ਦੇ ਮੱਦੇਜ਼ਨਰ ਸਿਹਤ ਸਿਸਟਮ ਦੀਆਂ ਤਿਆਰੀਆਂ ਲਈ 50 ਕਰੋਡ਼ ਡਾਲਰ ਦੇ ਕਰਜ਼ੇ ਦਾ ਕਰਾਰ ਕੀਤਾ ਹੈ। ਇਸ ਸਬੰਧੀ ਅੱਜ ਇੱਥੇ ਇਕ ਕਰਾਰ ’ਤੇ ਹਸਤਾਖਰ ਕੀਤੇ ਗਏ। ਏ. ਆਈ. ਆਈ. ਬੀ. ਨੇ ਪਹਿਲੀ ਵਾਰ ਭਾਰਤ ਨੂੰ ਸਿਹਤ ਨਾਲ ਜੁਡ਼ੀ ਯੋਜਨਾ ਲਈ ਕਰਜ਼ਾ ਦੇਣ ਦਾ ਕਰਾਰ ਕੀਤਾ ਹੈ।
ਇਹ ਕਰਜ਼ਾ ਪੂਰੇ ਦੇਸ਼ ਲਈ ਹੈ ਅਤੇ ਇਹ ਪੀੜਤ ਲੋਕਾਂ ਨਾਲ ਹੀ ਮੈਡੀਕਲ ਅਤੇ ਸਿਹਤ ਸੇਵਾਪ੍ਰਦਾਤਾਵਾਂ, ਮੈਡੀਕਲ ਅਤੇ ਪ੍ਰੀਖਣ ਸਹੂਲਤਾਂ ਅਤੇ ਪਸ਼ੂ ਸਿਹਤ ਏਜੰਸੀਆਂ ਲਈ ਇਸ ਦੀ ਵਰਤੋਂ ਕੀਤੀ ਜਾਵੇਗੀ। ਭਾਰਤ ਸਰਕਾਰ ਵੱਲੋਂ ਆਰਥਿਕ ਮਾਮਲਿਆਂ ਦੇ ਵਿਭਾਗ ਤੋਂ ਇਲਾਵਾ ਸਕੱਤਰ ਸਮੀਰ ਕੁਮਾਰ ਖਰੇ ਅਤੇ ਏ. ਆਈ. ਆਈ. ਬੀ. ਵੱਲੋਂ ਉਸ ਦੇ ਕਾਰਜਕਾਰੀ ਡਾਇਰੈਕਟਰ ਜਨਰਲ ਰਜਤ ਮਿਸ਼ਰਾ ਨੇ ਇਸ ਕਰਾਰ ’ਤੇ ਹਸਤਾਖਰ ਕੀਤੇ।