ਸਰਕਾਰ ਟੀਕਾ ਨਿਰਮਾਤਾਵਾਂ ਨੂੰ ਮੁਕੱਦਮੇਬਾਜ਼ੀ ਤੋਂ ਬਚਾਉਣ ਦਾ ਪ੍ਰਬੰਧ ਕਰੇ: ਪੂਨਾਵਾਲਾ

Saturday, Dec 19, 2020 - 09:25 PM (IST)

ਸਰਕਾਰ ਟੀਕਾ ਨਿਰਮਾਤਾਵਾਂ ਨੂੰ ਮੁਕੱਦਮੇਬਾਜ਼ੀ ਤੋਂ ਬਚਾਉਣ ਦਾ ਪ੍ਰਬੰਧ ਕਰੇ: ਪੂਨਾਵਾਲਾ

ਨਵੀਂ ਦਿੱਲੀ- ਦੇਸ਼ ਦੇ ਪ੍ਰਮੁੱਖ ਟੀਕਾ ਨਿਰਮਾਤਾ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀ. ਈ. ਓ. ਆਦਰ ਪੂਨਾਵਾਲਾ ਨੇ ਕਿਹਾ ਕਿ ਟੀਕਾ ਨਿਰਮਾਤਾਵਾਂ ਨੂੰ ਖ਼ਾਸਕਰ ਕਿਸੇ ਮਹਾਮਾਰੀ ਦੇ ਦੌਰ ਵਿਚ ਉਨ੍ਹਾਂ ਦੇ ਟੀਕਿਆਂ ਨੂੰ ਲੈ ਕੇ ਹਰ ਤਰ੍ਹਾਂ ਦੇ ਕਾਨੂੰਨੀ ਦਾਅਵਿਆਂ ਤੋਂ ਬਚਾਇਆ ਜਾਣਾ ਚਾਹੀਦਾ ਹੈ।

ਪੂਨਾਵਾਲਾ ਨੇ ਸ਼ੁੱਕਰਵਾਰ ਨੂੰ ਕਾਰਨੇਗੀ ਇੰਡੀਆ ਦੀ ਗਲੋਬਲ ਟੈਕਨਾਲੋਜੀ ਕਾਨਫਰੰਸ ਵਿਚ ਕਿਹਾ ਕਿ ਟੀਕਾ ਨਿਰਮਾਤਾ ਇਸ ਗੱਲ ਨੂੰ ਭਾਰਤ ਸਰਕਾਰ ਅੱਗੇ ਰੱਖਣ ਜਾ ਰਹੇ ਹਨ। ਉਨ੍ਹਾਂ ਨੇ ਕੋਵਿਡ-19 ਟੀਕਾ ਬਣਾਉਣ ਵਿਚ ਆਉਣ ਵਾਲੀਆਂ ਦਰਪੇਸ਼ ਚੁਣੌਤੀਆਂ ਵੀ ਗਿਣਾਈਆਂ। ਉਨ੍ਹਾਂ ਕਿਹਾ ਕਿ ਜਦੋਂ ਕੁਝ ਤੁਛ ਦਾਅਵੇ ਕੀਤੇ ਜਾਣ ਲੱਗਦੇ ਹਨ ਅਤੇ ਮੀਡੀਆ ਵਿਚ ਇਸ ਗੱਲ ਦਾ ਬਤੰਗੜ ਬਣਾਇਆ ਜਾਣ ਲੱਗਦਾ ਹੈ ਤਾਂ ਇਹ ਖਦਸ਼ਾ ਪੈਦਾ ਹੁੰਦਾ ਹੈ ਕਿ ਅਜਿਹਾ ਟੀਕੇ ਕਾਰਨ ਹੀ ਹੋਇਆ ਹੋਵੇਗਾ। ਇਸ ਡਰ ਨੂੰ ਦੂਰ ਕਰਨ ਲਈ ਸਰਕਾਰ ਨੂੰ ਅੱਗੇ ਆ ਕੇ ਲੋਕਾਂ ਨੂੰ ਸਹੀ ਗੱਲ ਦੱਸਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ 'ਨਿਰਮਾਤਾ, ਖ਼ਾਸਕਰ ਟੀਕੇ ਨਿਰਮਾਤਾਵਾਂ ਨੂੰ ਸਾਰੇ ਕਾਨੂੰਨੀ ਦਾਅਵਿਆਂ ਤੋਂ ਬਚਾਅ ਲਈ ਸਰਕਾਰੀ ਬਖਤਰ ਪ੍ਰਾਪਤ ਕਰਨਾ ਚਾਹੀਦਾ ਹੈ।' ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਸਰਕਾਰ ਨੇ ਅਸਲ ਵਿਚ ਅਜਿਹੀ ਸੁਰੱਖਿਆ ਦੀ ਵਿਵਸਥਾ ਕੀਤੀ ਹੈ। ਸੀਰਮ ਨੇ ਪਿਛਲੇ ਮਹੀਨੇ ਇਹ ਦੋਸ਼ ਖਾਰਜ ਕਰ ਦਿੱਤਾ ਸੀ ਕਿ ਚੇਨਈ ਵਿਚ ਇਕ 40 ਸਾਲਾ ਵਿਅਕਤੀ ਨੂੰ ਕੋਵਿਸ਼ਿਲਡ ਟੀਕੇ ਦੀ ਇਕ ਅਜ਼ਮਾਇਸ਼ ਵਿਚ ਬਹੁਤ ਮਾੜੇ ਪ੍ਰਭਾਵ ਭੁਗਤਣੇ ਪਏ ਸਨ। ਟੀਕੇ ਦੇ ਪ੍ਰਭਾਵ ਕਾਰਨ ਵਿਅਕਤੀ ਨੇ ਦਿਮਾਗੀ ਪ੍ਰਣਾਲੀ ਅਤੇ ਮੈਮੋਰੀ ਸ਼ਕਤੀ ਨੂੰ ਨੁਕਸਾਨ ਹੋਣ ਦੀ ਸ਼ਿਕਾਇਤ ਕੀਤੀ ਸੀ। ਉਸ ਨੇ ਕੰਪਨੀ ਤੋਂ ਪੰਜ ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਸੀ।


author

Sanjeev

Content Editor

Related News