ਡੀਜ਼ਲ ਕਾਰਾਂ ''ਤੇ ਮਾਰ, ਇੰਨਾ ਟੈਕਸ ਲਾ ਸਕਦੀ ਹੈ ਸਰਕਾਰ

Friday, Apr 20, 2018 - 03:53 PM (IST)

ਡੀਜ਼ਲ ਕਾਰਾਂ ''ਤੇ ਮਾਰ, ਇੰਨਾ ਟੈਕਸ ਲਾ ਸਕਦੀ ਹੈ ਸਰਕਾਰ

ਨਵੀਂ ਦਿੱਲੀ— ਆਉਣ ਵਾਲੇ ਦਿਨਾਂ 'ਚ ਭਾਰਤ 'ਚ ਵਿਕਣ ਵਾਲੀਆਂ ਡੀਜ਼ਲ ਕਾਰਾਂ ਹੋਰ ਮਹਿੰਗੀਆਂ ਹੋ ਸਕਦੀਆਂ ਹਨ। ਜਾਣਕਾਰੀ ਮੁਤਾਬਕ, ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰਾਲੇ ਨੇ ਡੀਜ਼ਲ ਕਾਰਾਂ 'ਤੇ ਟੈਕਸ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ। ਮੰਤਰਾਲੇ ਨੇ ਸਰਕਾਰ ਨੂੰ ਡੀਜ਼ਲ ਕਾਰਾਂ 'ਤੇ ਲੱਗਣ ਵਾਲੇ ਟੈਕਸ ਨੂੰ 2 ਫੀਸਦੀ ਤਕ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ। ਇਸ ਦੇ ਨਾਲ ਹੀ ਮੰਤਰਾਲੇ ਨੇ ਸਰਕਾਰ ਨੂੰ ਕਿਹਾ ਹੈ ਕਿ ਇਲੈਕਟ੍ਰਿਕ ਵਾਹਨਾਂ 'ਤੇ ਲੱਗਣ ਵਾਲੇ ਟੈਕਸ ਨੂੰ ਘਟਾ ਦੇਣਾ ਚਾਹੀਦਾ ਹੈ। ਜੀ. ਐੱਸ. ਟੀ. ਲਾਗੂ ਹੋਣ 'ਤੇ ਹੁਣ ਪੈਟਰੋਲ ਅਤੇ ਡੀਜ਼ਲ ਕਾਰਾਂ 'ਤੇ ਬਰਾਬਰ ਟੈਕਸ ਲੱਗਦਾ ਹੈ। ਕਾਰਾਂ 'ਤੇ ਟੈਕਸ ਉਨ੍ਹਾਂ ਦੇ ਇੰਜਣ ਅਤੇ ਬਾਡੀ ਦੇ ਸਾਈਜ਼ ਦੇ ਹਿਸਾਬ ਨਾਲ ਲੱਗਦਾ ਹੈ। ਇੰਜਣ ਅਤੇ ਬਾਡੀ ਦੇ ਹਿਸਾਬ ਨਾਲ ਇਕ ਹੀ ਸ਼੍ਰੇਣੀ 'ਚ ਆਉਣ ਵਾਲੀਆਂ ਕਾਰਾਂ 'ਤੇ ਬਰਾਬਰ ਟੈਕਸ ਹੈ।

ਜੇਕਰ ਸਰਕਾਰ ਮੰਤਰਾਲੇ ਦੀ ਸਲਾਹ ਮੰਨ ਲੈਂਦੀ ਹੈ, ਤਾਂ ਜੀ. ਐੱਸ. ਟੀ. ਦਰਾਂ 'ਚ ਇਕ ਵਾਰ ਫਿਰ ਬਦਲਾਅ ਕਰਕੇ ਡੀਜ਼ਲ ਕਾਰਾਂ 'ਤੇ ਟੈਕਸ ਵਧਾਇਆ ਜਾ ਸਕਦਾ ਹੈ। ਮੌਜੂਦਾ ਸਮੇਂ ਛੋਟੇ ਸਾਈਜ਼ ਦੀਆਂ ਕਾਰਾਂ 'ਤੇ 31 ਫੀਸਦੀ ਟੈਕਸ ਲੱਗਦਾ ਹੈ, ਜਦੋਂ ਕਿ ਮਿਡ ਸਾਈਜ਼ ਸਿਡਾਨ 'ਤੇ 45 ਫੀਸਦੀ ਅਤੇ ਐੱਸ. ਯੂ. ਵੀ. ਗੱਡੀਆਂ 'ਤੇ 50 ਫੀਸਦੀ ਟੈਕਸ ਲੱਗਦਾ ਹੈ। ਟੈਕਸ 'ਚ ਵਾਧਾ ਹੋਣ ਨਾਲ ਪ੍ਰਸਿੱਧ ਕਾਰਾਂ ਜਿਵੇਂ ਕਿ ਮਾਰੂਤੀ ਸੁਜ਼ੂਕੀ ਸਵਿਫਟ ਅਤੇ ਸਵਿਫਟ ਡਿਜ਼ਾਇਰ, ਹੁੰਡਾਈ ਆਈ-20 ਆਦਿ ਦੇ ਨਾਲ-ਨਾਲ ਫੋਰਡ ਇਕੋਸਪੋਰਟ, ਟਾਟਾ ਨੈਕਸਨ, ਮਾਰੂਤੀ ਸੁਜ਼ੂਕੀ ਵਿਟਾਰ ਬ੍ਰੇਜਾ 'ਤੇ ਅਸਰ ਹੋਵੇਗਾ। ਉੱਥੇ ਹੀ, ਇਲੈਕਟ੍ਰਿਕ ਵਾਹਨਾਂ 'ਤੇ ਅਜੇ ਜੀ. ਐੱਸ. ਟੀ. ਤਹਿਤ 12 ਫੀਸਦੀ ਟੈਕਸ ਲੱਗਦਾ ਹੈ। ਇਲੈਕਟ੍ਰਿਕ ਵਾਹਨਾਂ 'ਤੇ ਟੈਕਸ ਘੱਟ ਹੋਣ ਦੇ ਬਾਵਜੂਦ ਇਹ ਪੈਟਰੋਲ ਅਤੇ ਡੀਜ਼ਲ ਵਾਹਨਾਂ ਤੋਂ ਮਹਿੰਗੇ ਹਨ। ਸਰਕਾਰ ਦਾ ਇਰਾਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਜ਼ਿਆਦਾ ਤੋਂ ਜ਼ਿਆਦਾ ਲੋਕ ਇਲੈਕਟ੍ਰਿਕ ਵਾਹਨਾਂ ਨੂੰ ਤਵੱਜੋਂ ਦੇਣ।


Related News