AIR INDIA ਹੋਣ ਜਾ ਰਹੀ ਹੈ ਪ੍ਰਾਈਵੇਟ, ਇਸ ਵਾਰ 100 % ਦੀ ਲੱਗੇਗੀ ਬੋਲੀ!

10/20/2019 3:49:58 PM

ਨਵੀਂ ਦਿੱਲੀ— ਜਲਦ ਹੀ ਰਾਸ਼ਟਰੀ ਜਹਾਜ਼ ਕੰਪਨੀ ਏਅਰ ਇੰਡੀਆ ਪ੍ਰਾਈਵੇਟ ਹੱਥਾਂ 'ਚ ਹੋਣ ਜਾ ਰਹੀ ਹੈ। ਸਰਕਾਰ ਅਗਲੇ ਮਹੀਨੇ AIR INDIA 'ਚ 100 ਫੀਸਦੀ ਹਿੱਸੇਦਾਰੀ ਦੀ ਵਿਕਰੀ ਲਈ ਬੋਲੀ ਮੰਗਵਾਉਣ ਦੀ ਯੋਜਨਾ ਬਣਾ ਰਹੀ ਹੈ ਤੇ ਕਈ ਸੰਸਥਾਨ ਇਸ 'ਚ ਪਹਿਲਾਂ ਹੀ ਦਿਲਚਸਪੀ ਜਤਾ ਰਹੇ ਹਨ। AIR INDIA 'ਤੇ ਲਗਭਗ 58,000 ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਤੋਂ ਇਲਾਵਾ ਹਜ਼ਾਰਾਂ ਕਰੋੜਾਂ ਰੁਪਏ ਦਾ ਭਾਰੀ ਘਾਟਾ ਵੀ ਝੱਲ ਰਹੀ ਹੈ।

 

ਰਿਪੋਰਟਾਂ ਮੁਤਾਬਕ, ਕੁਝ ਸੰਸਥਾਵਾਂ ਨੇ ਪਹਿਲਾਂ ਹੀ AIR INDIA ਖਰੀਦਣ 'ਚ ਦਿਲਚਸਪੀ ਜਤਾਈ ਹੈ ਅਤੇ ਐਕਸਪ੍ਰੈੱਸ ਆਫ ਇੰਟਰਸਟ (ਈ. ਓ. ਆਈ.) ਦਸਤਾਵੇਜ਼ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ, 100 ਫੀਸਦੀ ਹਿੱਸੇਦਾਰੀ ਦੀ ਵਿਕਰੀ ਲਈ ਬੋਲੀ ਇਸ ਮਹੀਨੇ ਦੇ ਅੰਤ ਜਾਂ ਅਗਲੇ ਮਹੀਨੇ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। AIR INDIA ਲਈ ਬੋਲੀ ਪ੍ਰਕਿਰਿਆ ਇਕ ਨਵੀਂ ਵਿਕਸਤ ਈ-ਬਿਡਿੰਗ ਪ੍ਰਣਾਲੀ ਜ਼ਰੀਏ ਸ਼ੁਰੂ ਕੀਤੀ ਜਾਏਗੀ।
ਇਸ ਮਹੀਨੇ ਦੀ ਸ਼ੁਰੂਆਤ 'ਚ AIR INDIA ਦੀ ਮੈਨੇਜਮੈਂਟ ਨੇ ਪ੍ਰਸਤਾਵਿਤ ਨਿੱਜੀਕਰਨ 'ਤੇ ਆਪਣੇ ਟਰੇਡ ਸੰਗਠਨਾਂ ਨਾਲ ਇਕ ਮੀਟਿੰਗ ਕੀਤੀ ਸੀ। ਹਾਲਾਂਕਿ, ਇਸ 'ਚੋਂ ਕਈਆਂ ਨੇ ਨੌਕਰੀ ਜਾਣ ਦੇ ਡਰੋਂ ਇਸ ਪ੍ਰਸਤਾਵ ਦਾ ਵਿਰੋਧ ਕੀਤਾ ਸੀ। ਪਿਛਲੇ ਹਫਤੇ ਸ਼ਹਿਰੀ ਹਵਾਬਾਜ਼ੀ ਸਕੱਤਰ ਪ੍ਰਦੀਪ ਸਿੰਘ ਖਰੋਲਾ ਨੇ ਏਅਰਲਾਈਨ ਦੇ ਬੋਰਡ ਦੀ 22 ਅਕਤੂਬਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਇਕ ਸਮੀਖਿਆ ਬੈਠਕ ਵੀ ਕੀਤੀ ਹੈ। ਬੋਰਡ ਦੀ ਇਹ ਬੈਠਕ ਮਾਰਚ 2019 ਨੂੰ ਖਤਮ ਹੋਏ ਵਿੱਤੀ ਸਾਲ 'ਚ ਖਾਤੇ ਦਾ ਹਿਸਾਬ-ਕਿਤਾਬ ਦੇਖਣ ਲਈ ਹੈ। AIR INDIA ਦੀ ਬੈਲੇਂਸ ਸ਼ੀਟ ਨੂੰ ਸਾਫ ਕਰਨ ਦੀਆਂ ਕੋਸ਼ਿਸ਼ਾਂ ਤਹਿਤ 'ਏਅਰ ਇੰਡੀਆ ਐਸੇਟ ਹੋਲਡਿੰਗ ਲਿਮਟਿਡ' ਰਾਹੀਂ ਬਾਂਡ ਜਾਰੀ ਕਰਕੇ ਲਗਭਗ 30,000 ਕਰੋੜ ਰੁਪਏ ਦਾ ਕਰਜ਼ਾ ਲਾਉਣ ਦੀ ਯੋਜਨਾ ਹੈ।ਪਿਛਲੀ ਵਾਰ ਸਰਕਾਰ ਨੇ 76 ਫੀਸਦੀ ਹਿੱਸੇਦਾਰੀ ਵੇਚਣ ਦੀ ਕੋਸ਼ਿਸ਼ ਕੀਤੀ ਸੀ ਪਰ ਫੇਲ੍ਹ ਰਹੀ ਸੀ। 100 ਫੀਸਦੀ ਹਿੱਸੇਦਾਰੀ ਵੇਚਣ ਨਾਲ ਸਰਕਾਰ ਦਾ ਇਸ ਹਵਾਈ ਕੰਪਨੀ 'ਤੇ ਦਖਲ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।


Related News