ਕਿਸਾਨਾਂ ਨੂੰ ਫਾਇਦਾ, ਪੈਟਰੋਲ 'ਚ 20 ਫ਼ੀਸਦੀ ਈਥੇਨਾਲ ਮਿਲਾਏਗੀ ਸਰਕਾਰ
Saturday, Jun 05, 2021 - 03:33 PM (IST)
ਨਵੀਂ ਦਿੱਲੀ- ਹੁਣ ਪੈਟਰੋਲ ਵਿਚ ਜਲਦ ਹੀ ਈਥੇਨਾਲ ਦੀ ਮਾਤਰਾ ਹੌਲੀ-ਹੌਲੀ ਵਧਾਈ ਜਾਵੇਗੀ। ਸਾਲ 2025 ਤੱਕ ਪੈਟਰੋਲ ਵਿਚ 20 ਫ਼ੀਸਦੀ ਈਥੇਨਾਲ ਹੋਵੇਗਾ। ਗੰਨੇ, ਕਣਕ ਤੇ ਟੁੱਟੇ ਚੌਲਾਂ ਵਰਗੇ ਖ਼ਰਾਬ ਹੋ ਚੁੱਕੇ ਅਨਾਜ ਅਤੇ ਹੋਰ ਫ਼ਸਲਾਂ ਦੇ ਰਹਿੰਦ-ਖੂੰਦ ਤੋਂ ਈਥੇਨਾਲ ਕੱਢਿਆ ਜਾਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਨਾਲ ਪ੍ਰਦੂਸ਼ਣ ਘੱਟ ਕਰਨ ਅਤੇ ਦਰਾਮਦ 'ਤੇ ਨਿਰਭਰਤਾ ਘੱਟ ਕਰਨ ਵਿਚ ਮਦਦ ਮਿਲੇਗੀ। ਪਹਿਲਾਂ ਇਹ ਟੀਚਾ 2030 ਤੱਕ ਪੂਰਾ ਕੀਤਾ ਜਾਣਾ ਸੀ। ਇਸ ਨਾਲ ਪ੍ਰਦੂਸ਼ਣ ਵੀ ਘੱਟ ਹੁੰਦਾ ਹੈ ਅਤੇ ਕਿਸਾਨਾਂ ਨੂੰ ਆਮਦਨੀ ਦਾ ਇਕ ਬਦਲ ਵੀ ਮਿਲਦਾ ਹੈ।
ਵਿਸ਼ਵ ਵਾਤਾਵਰਣ ਦਿਹਾੜੇ 'ਤੇ ਆਯੋਜਿਤ ਇਕ ਸਮਾਰੋਹ ਵਿਚ ਮੋਦੀ ਨੇ ਕਿਹਾ ਕਿ ਈਥੇਨਾਲ ਹੁਣ 21ਵੀਂ ਸਦੀ ਦੇ ਭਾਰਤ ਦੀਆਂ ਵੱਡੀਆਂ ਪਹਿਲਾਂ ਨਾਲ ਜੁੜ ਗਿਆ ਹੈ। ਉਨ੍ਹਾਂ ਕਿਹਾ, "ਇਸ ਨਾਲ ਵਾਤਾਵਰਣ ਦੇ ਨਾਲ ਹੀ ਇਕ ਬਿਹਤਰ ਪ੍ਰਭਾਵ ਕਿਸਾਨਾਂ ਦੇ ਜੀਵਨ 'ਤੇ ਪੈ ਰਿਹਾ ਹੈ। ਅੱਜ ਅਸੀਂ ਪੈਟਰੋਲ ਵਿਚ 20 ਫ਼ੀਸਦੀ ਈਥੇਨਾਲ ਮਿਲਾਉਣ ਦੇ ਟੀਚੇ ਨੂੰ 2025 ਤੱਕ ਪੂਰਾ ਕਰਨ ਦਾ ਸੰਕਲਪ ਲਿਆ ਹੈ।" ਪਿਛਲੇ ਸਾਲ ਸਰਕਾਰ ਨੇ 2022 ਤੱਕ 10 ਫ਼ੀਸਦ ਈਥੇਨਾਲ ਪੈਟਰੋਲ ਵਿਚ ਮਿਲਾਉਣ ਦਾ ਟੀਚਾ ਨਿਰਧਾਰਤ ਕੀਤਾ ਸੀ।
ਮੋਦੀ ਨੇ ਨਵੇਂ ਟੀਚਿਆਂ ਨੂੰ ਹਾਸਲ ਕਰਨ ਦੀ ਸਫਲਤਾ ਲਈ ਸਾਰੇ ਹਿੱਤਧਾਰਕਾਂ ਨੂੰ ਮੁਬਾਰਕਬਾਦ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਤੱਕ ਭਾਰਤ ਵਿਚ ਔਸਤ ਇਕ ਤੋਂ ਡੇਢ ਫ਼ੀਸਦੀ ਈਥੇਨਾਲ ਮਿਲਾਇਆ ਜਾਂਦਾ ਸੀ ਪਰ ਅੱਜ ਇਹ ਤਕਰੀਬਨ 8.30 ਫ਼ੀਸਦ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ, ''ਸਾਲ 2013-14 ਵਿਚ ਜਿੱਥੇ ਦੇਸ਼ ਵਿਚ 38 ਕਰੋੜ ਲਿਟਰ ਈਥੇਨਾਲ ਖ਼ਰੀਦਿਆਂ ਜਾਂਦਾ ਸੀ, ਉਹ ਅੱਜ 8 ਗੁਣਾ ਤੋਂ ਵੀ ਜ਼ਿਆਦਾ ਵੱਧ ਕੇ ਤਕਰੀਬਨ 320 ਕਰੋੜ ਲਿਟਰ ਹੋ ਗਿਆ ਹੈ।'' ਪੀ. ਐੱਮ. ਨੇ ਕਿਹਾ ਕਿ ਪਿਛਲੇ ਸਾਲ ਪੈਟਰੋਲੀਅਮ ਕੰਪਨੀਆਂ ਨੇ 21,000 ਕਰੋੜ ਰੁਪਏ ਦਾ ਈਥੇਨਾਲ ਖ਼ਰੀਦਿਆ ਅਤੇ ਇਸ ਦਾ ਵੱਡਾ ਹਿੱਸਾ ਦੇਸ਼ ਦੇ ਕਿਸਾਨਾਂ ਨੂੰ ਗਿਆ। ਉਨ੍ਹਾਂ ਕਿਹਾ ਕਿ 21ਵੀਂ ਸਦੀ ਵਿਚ ਆਧੁਨਿਕ ਨੀਤੀਆਂ ਨਾਲ ਹੀ ਊਰਜਾ ਮਿਲੇਗੀ। ਇਸ ਸੋਚ ਨਾਲ ਸਾਡੀ ਸਰਕਾਰ ਨਿਰੰਤਰ ਹਰ ਖੇਤਰ ਵਿਚ ਨੀਤੀਗਤ ਫੈਸਲੇ ਲੈ ਰਹੀ ਹੈ।