ਕਿਸਾਨਾਂ ਨੂੰ ਰਾਹਤ, ਬੀ. ਟੀ. ਕਪਾਹ ਦੇ ਬੀਜ ਹੋਏ ਸਸਤੇ!

03/14/2018 2:45:10 PM

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਬੀ. ਟੀ. ਕਪਾਹ ਬੀਜਾਂ ਦੇ ਪ੍ਰਚੂਨ ਮੁੱਲ ਘਟਾ ਦਿੱਤੇ ਹਨ। 450 ਗ੍ਰਾਮ ਵਾਲੇ ਪੈਕੇਟ ਦਾ ਮੁੱਲ 60 ਰੁਪਏ ਘਟਾ ਕੇ 740 ਰੁਪਏ ਕਰ ਦਿੱਤਾ ਗਿਆ ਹੈ। ਕਰਜ਼ਾ ਮਾਫੀ ਅਤੇ ਫਸਲ ਬਰਬਾਦੀ ਦੀ ਭਰਪਾਈ ਦੀ ਮੰਗ ਨੂੰ ਲੈ ਕੇ ਮੁੰਬਈ 'ਚ ਮਹਾਰਾਸ਼ਟਰ ਦੇ ਹਜ਼ਾਰਾਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਕੁਝ ਘੰਟਿਆਂ ਬਾਅਦ ਇਹ ਹੁਕਮ ਆਇਆ ਹੈ। ਕਪਾਹ ਪ੍ਰਮੁੱਖ ਤੌਰ 'ਤੇ ਮਹਾਰਾਸ਼ਟਰ 'ਚ ਉਗਾਈ ਜਾਂਦੀ ਹੈ ਅਤੇ ਇਸ ਸਾਲ ਕੀਟਾਂ ਦੇ ਹਮਲੇ ਕਾਰਨ ਉਤਪਾਦਨ ਘੱਟ ਰਿਹਾ ਹੈ। ਬੀ. ਟੀ. ਕਪਾਹ ਬੀਜਾਂ ਦੇ ਪ੍ਰਚੂਨ ਰੇਟ ਘਟਾਉਣ ਨਾਲ ਕਿਸਾਨਾਂ ਨੂੰ ਥੋੜ੍ਹੀ ਰਾਹਤ ਮਿਲੇਗੀ। ਕੇਂਦਰ ਸਰਕਾਰ ਨੇ ਦੋ ਸਾਲ ਦੇ ਅੰਤਰਾਲ ਬਾਅਦ ਬੀ. ਟੀ. ਕਪਾਹ ਬੀਜਾਂ ਦੇ ਪ੍ਰਚੂਨ ਮੁੱਲ ਘਟਾਏ ਹਨ। ਨਵੇਂ ਰੇਟ ਜੂਨ ਤੋਂ ਸ਼ੁਰੂ ਹੋਣ ਵਾਲੇ ਨਵੇਂ ਸਾਉਣੀ ਮੌਸਮ ਤੋਂ ਲਾਗੂ ਹੋਣਗੇ। 740 ਰੁਪਏ ਦੀ ਕੀਮਤ ਬੋਲਗਾਰਡ-2 ਕਿਸਮ ਲਈ ਹੈ, ਜਦੋਂ ਕਿ ਬੋਲਗਾਰਡ-1 ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦਾ ਰੇਟ 635 ਰੁਪਏ ਪ੍ਰਤੀ ਪੈਕਟ ਹੈ।

ਬੀ. ਟੀ. ਕਪਾਹ ਬੀਜ ਦੇ ਮੁੱਲ ਪਹਿਲੀ ਵਾਰ 2016 'ਚ ਘੱਟ ਕੀਤੇ ਗਏ ਸਨ। ਜੀਨ ਪਰਿਵਰਤਤ (ਜੀ. ਐੱਮ.) ਫਸਲਾਂ 'ਚ ਸਿਰਫ ਬੀ. ਟੀ. ਕਪਾਹ ਨੂੰ ਭਾਰਤ 'ਚ ਮਨਜ਼ੂਰੀ ਹੈ। ਦੇਸ਼ 'ਚ 95 ਫੀਸਦੀ ਕਪਾਹ ਦੀ ਪੈਦਾਵਾਰ ਇਸੇ ਨਾਲ ਹੁੰਦੀ ਹੈ। ਭਾਰਤ ਇਸ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਅਤੇ ਬਰਾਮਦਕਾਰ ਹੈ। ਇਸ ਵਾਰ 4 ਫੀਸਦੀ ਜ਼ਿਆਦਾ ਪੈਦਾਵਾਰ ਦਾ ਅੰਦਾਜ਼ਾ ਹੈ। ਫਸਲ ਸਾਲ 2017-18 'ਚ 325.8 ਲੱਖ ਗੰਢ ਕਪਾਹ ਉਤਪਾਦਨ ਹੋਇਆ ਸੀ, ਜੋ ਕਿ 2018-19 'ਚ 339.2 ਲੱਖ ਗੰਢ ਹੋਣ ਦਾ ਅੰਦਾਜ਼ਾ ਹੈ। ਜ਼ਿਕਰਯੋਗ ਹੈ ਕਿ ਬੀਜ ਕੰਪਨੀਆਂ ਨੇ ਪਿਛਲੇ ਹਫਤੇ ਕੇਂਦਰ ਨੂੰ ਕੀਮਤਾਂ ਵਧਾਉਣ ਦੀ ਮੰਗ ਕੀਤੀ ਸੀ। ਕੰਪਨੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਅਜਿਹਾ ਨਾ ਕੀਤਾਂ ਤਾਂ 2018-19 'ਚ ਉਨ੍ਹਾਂ ਲਈ ਕਿਸਾਨਾਂ ਨੂੰ ਕਪਾਹ ਦੇ ਬੀਜ ਸਪਲਾਈ ਕਰਨ 'ਚ ਮੁਸ਼ਕਲ ਹੋ ਜਾਵੇਗੀ।


Related News