ਵੱਡੀ ਰਾਹਤ! ਸਸਤੇ ਹੋ ਸਕਦੇ ਨੇ ਖਾਣ ਵਾਲੇ ਤੇਲ, ਸਰਕਾਰ ਨੇ ਘਟਾਈ ਡਿਊਟੀ
Thursday, Nov 26, 2020 - 10:21 PM (IST)
ਨਵੀਂ ਦਿੱਲੀ— ਜਲਦ ਹੀ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਤੇ ਲਗਾਮ ਲੱਗ ਸਕਦੀ ਹੈ। ਸਰਕਾਰ ਨੇ ਵੀਰਵਾਰ ਨੂੰ ਕੱਚੇ ਪਾਮ ਤੇਲ (ਸੀ. ਪੀ. ਓ.) 'ਤੇ ਬੇਸਿਕ ਕਸਟਮ ਡਿਊਟੀ ਘਟਾ ਕੇ 27.5 ਫ਼ੀਸਦੀ ਕਰ ਦਿੱਤੀ ਹੈ। ਇਸ ਕਦਮ ਨਾਲ ਘਰੇਲੂ ਬਾਜ਼ਾਰ 'ਚ ਸੀ. ਪੀ. ਓ. ਦੀ ਉਪਲਬਧਤਾ ਵਧਣ ਦੀ ਸੰਭਾਵਨਾ ਹੈ।
ਡਿਊਟੀ 'ਚ ਕਟੌਤੀ ਨਾਲ ਘਰੇਲੂ ਬਾਜ਼ਾਰ 'ਚ ਖਾਣ ਵਾਲੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਵੀ ਘੱਟ ਕਰਨ 'ਚ ਮਦਦ ਮਿਲੇਗੀ। ਸੈਂਟਰਲ ਡਾਇਰੈਕਟ ਟੈਕਸ ਤੇ ਕਸਟਮਸ ਬੋਰਡ (ਸੀ. ਬੀ. ਆਈ. ਸੀ.) ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਕੱਚੇ ਪਾਮ ਤੇਲ 'ਤੇ ਬੇਸਿਕ ਕਸਟਮਸ ਡਿਊਟੀ (ਬੀ. ਸੀ. ਡੀ.) ਦਰ ਸੋਧ ਕੇ 27.5 ਫ਼ੀਸਦੀ ਕੀਤੀ ਗਈ ਹੈ, ਜੋ 27 ਨਵੰਬਰ ਤੋਂ ਪ੍ਰਭਾਵੀ ਹੋਵੇਗੀ। ਮੌਜੂਦਾ ਸਮੇਂ ਇਹ 37.5 ਫ਼ੀਸਦੀ ਹੈ।
ਇਹ ਵੀ ਪੜ੍ਹੋ- ਇੰਤਜ਼ਾਰ ਖ਼ਤਮ, 1 ਦਸੰਬਰ ਤੋਂ ਸਰਕਾਰ ਭੇਜੇਗੀ ਕਿਸਾਨਾਂ ਦੇ ਖ਼ਾਤੇ 'ਚ ਪੈਸੇ
ਭਾਰਤ ਦੇ ਕੁੱਲ ਖਾਣ ਵਾਲੇ ਤੇਲ ਦੀ ਖ਼ਪਤ 'ਚ ਪਾਮ ਤੇਲ ਦਾ ਹਿੱਸਾ 40 ਫ਼ੀਸਦੀ ਤੋਂ ਜ਼ਿਆਦਾ ਹੈ। ਕੱਚੇ ਤੇਲ ਅਤੇ ਸੋਨੇ ਤੋਂ ਬਾਅਦ ਪਾਮ ਤੇਲ ਭਾਰਤ ਦਾ ਤੀਜੀ ਸਭ ਤੋਂ ਵੱਡੀ ਦਰਾਮਦ ਕੀਤੀ ਜਾਣ ਵਾਲੀ ਜਿਣਸ ਹੈ। ਭਾਰਤ ਖਾਣ ਵਾਲੇ ਤੇਲ ਦਾ ਦੁਨੀਆ ਦਾ ਸਭ ਤੋਂ ਵੱਡਾ ਦਰਾਮਦਕਾਰ ਦੇਸ਼ ਹੈ ਅਤੇ ਮਲੇਸ਼ੀਆ ਤੇ ਇੰਡੋਨੇਸ਼ੀਆ ਸਣੇ ਹੋਰ ਦੇਸ਼ਾਂ ਤੋਂ ਸਾਲਾਨਾ 1.5 ਕਰੋੜ ਟਨ ਖਾਣ ਵਾਲੇ ਤੇਲ ਖ਼ਰੀਦਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ! ਸਰਕਾਰ ਨੇ ਕੌਮਾਂਤਰੀ ਉਡਾਣਾਂ 'ਤੇ ਲਾਈ ਰੋਕ ਹੋਰ ਅੱਗੇ ਵਧਾਈ
ਗੌਰਤਲਬ ਹੈ ਕਿ ਪਿਛਲੇ ਇਕ ਸਾਲ 'ਚ ਮੂੰਗਫ਼ਲੀ, ਸਰ੍ਹੋਂ, ਬਨਸਪਤੀ, ਪਾਮ, ਸੋਇਆਬੀਨ ਤੇ ਸੂਰਜਮੁਖੀ ਸਮੇਤ ਸਾਰੇ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਚ 20 ਤੋਂ 30 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਉਦਯੋਗ ਸੂਤਰਾਂ ਦਾ ਕਹਿਣਾ ਸੀ ਕਿ ਪਾਮ ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਅਸਰ ਹੋਰ ਖਾਣ ਵਾਲੇ ਤੇਲ ਦੀਆਂ ਕੀਮਤਾਂ 'ਤੇ ਪੈਣ ਨਾਲ ਅਜਿਹਾ ਹੋਇਆ। ਦੇਸ਼ 'ਚ ਲਗਭਗ 70 ਫ਼ੀਸਦੀ ਪਾਮ ਤੇਲ ਦੀ ਵਰਤੋਂ ਪ੍ਰੋਸੈਸਡ ਫੂਡ ਇੰਡਸਟਰੀ ਵੱਲੋਂ ਕੀਤੀ ਜਾਂਦੀ ਹੈ, ਜੋ ਕਿ ਸਭ ਤੋਂ ਵੱਡਾ ਥੋਕ ਖ਼ਪਤਕਾਰ ਹੈ। ਪਾਮ ਤੇਲ ਮਹਿੰਗਾ ਹੋਣ ਦੀ ਵਜ੍ਹਾ ਉੱਚ ਦਰਾਮਦ ਡਿਊਟੀ ਅਤੇ ਮਲੇਸ਼ੀਆ 'ਚ ਪਿਛਲੇ ਛੇ ਮਹੀਨਿਆਂ 'ਚ ਪਾਮ ਤੇਲ ਦੇ ਉਤਪਾਦਨ 'ਚ ਆਈ ਕਮੀ ਵੀ ਹੈ।