5ਜੀ ਦੇ ਟ੍ਰਾਇਲ ਤੋਂ ਚੀਨੀ ਕੰਪਨੀਆਂ ਨੂੰ ਦੂਰ ਰੱਖਣਾ ਭਾਰਤ ਸਰਕਾਰ ਦਾ ਚੰਗਾ ਫੈਸਲਾ : ਅਮਰੀਕਾ

Thursday, May 13, 2021 - 10:28 AM (IST)

5ਜੀ ਦੇ ਟ੍ਰਾਇਲ ਤੋਂ ਚੀਨੀ ਕੰਪਨੀਆਂ ਨੂੰ ਦੂਰ ਰੱਖਣਾ ਭਾਰਤ ਸਰਕਾਰ ਦਾ ਚੰਗਾ ਫੈਸਲਾ : ਅਮਰੀਕਾ

ਵਾਸ਼ਿੰਗਟਨ (ਭਾਸ਼ਾ) – ਭਾਰਤ ਵਲੋਂ ਹਾਲ ਹੀ ’ਚ ਚੀਨੀ ਕੰਪਨੀਆਂ ਹੁਆਵੇਈ ਅਤੇ ਜੈੱਡ. ਟੀ. ਈ. ਤੋਂ ਬਿਨਾਂ 5ਜੀ ਟ੍ਰਾਇਲ ਨੂੰ ਕਰਨ ਦੇ ਫੈਸਲੇ ਨੂੰ ਅਮਰੀਕਾ ਨੇ ਚੰਗਾ ਫੈਸਲਾ ਕਿਹਾ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਕਾ ਉਨ੍ਹਾਂ ਉਪਕਰਨਾਂ ਨਾਲ ਨੈੱਟਵਰਕ ਸਥਾਪਿਤ ਕਰਨ ਦੇ ਖਤਰਿਆਂ ਨੂੰ ਲੈ ਕੇ ਵਧੇਰੇ ਚਿੰਤਤ ਹੈ, ਜਿਨ੍ਹਾਂ ਨੂੰ ਚੀਨ ਵਲੋਂ ਕੰਟਰੋਲ ਕੀਤਾ ਜਾ ਸਕਦਾ ਹੈ।

ਅਮਰੀਕੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇਡ ਪ੍ਰਾਈਸ ਨੇ ਕਿਹਾ ਕਿ ਇਹ ਭਾਰਤ ਸਰਕਾਰ ਵਲੋਂ ਇਕ ਸੁਤੰਤਰ ਫੈਸਲਾ ਸੀ, ਇਸ ਲਈ ਸਾਡਾ ਮੰਨਣਾ ਹੈ ਕਿ ਇਸ ਬਾਰੇ ਤੁਹਾਨੂੰ ਭਾਰਤ ਤੋਂ ਹੀ ਕੋਈ ਟਿੱਪਣੀ ਲੈਣੀ ਚਾਹੀਦੀ ਹੈ। ਇਹ ਭਾਰਤ ਦਾ ਇਕ ਚੰਗਾ ਫੈਸਲਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਪਰ ਮੈਂ ਵਿਆਪਕ ਤੌਰ ’ਤੇ ਕਹਿ ਸਕਦਾ ਹਾਂ ਕਿ ਇਹ ਸਹੀ ਹੈ ਕਿ ਅਸੀਂ ਅਜਿਹੇ ਉਪਕਰਨਾਂ ’ਤੇ ਆਧਾਰਿਤ ਨੈੱਟਵਰਕ ਦੇ ਖਤਰਿਆਂ ਨੂੰ ਲੈ ਕੇ ਚਿੰਤਤ ਹਾਂ, ਜਿਨ੍ਹਾਂ ਨੂੰ ਪੀ. ਆਰ. ਸੀ. (ਪੀਪੁਲਸ ਰਿਪਬਲਿਕ ਆਫ ਚਾਈਨਾ) ਕੰਟਰੋਲ ਕਰ ਸਕਦਾ ਹੈ।

ਚੀਨ ਦੇ ਯੋਗਦਾਨ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ

ਉਨ੍ਹਾਂ ਨੇ ਕਿਹਾ ਕਿ ਹੁਆਵੇਈ ਜਾਂ ਜੈੱਡ. ਟੀ. ਈ. ਵਰਗੇ ਗੈਰ-ਭਰੋਸੇਮੰਦ ਦੂਰਸੰਚਾਰ ਸਪਲਾਈਕਰਤਾਵਾਂ ਨੂੰ ਇਜਾਜ਼ਤ ਦੇਣ ’ਚ ਰਾਸ਼ਟਰੀ ਸੁਰੱਖਿਆ, ਨਿੱਜਤਾ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਜੋਖਮ ਸ਼ਾਮਲ ਹਨ। ਦੂਰਸੰਚਾਰ ਵਿਭਾਗ ਨੇ 4 ਮਈ ਨੂੰ 5 ਜੀ ਪਰੀਖਣ ਲਈ ਦੂਰਸੰਚਾਰ ਕੰਪਨੀਆਂ ਦੀਆਂ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਸੀ, ਹਾਲਾਂਕਿ ਇਸ ’ਚ ਕੋਈ ਵੀ ਕੰਪਨੀ ਚੀਨੀ ਤਕਨਾਲੋਜੀ ਦਾ ਇਸਤੇਮਾਲ ਨਹੀਂ ਕਰੇਗੀ। ਦੂਰਸੰਚਾਰ ਵਿਭਾਗ ਨੇ ਰਿਲਾਇੰਸ ਜੀਓ, ਭਾਰਤੀ ਏਅਰਟੈੱਲ, ਵੋਡਾਫੋਨ ਅਤੇ ਐੱਮ. ਟੀ. ਐੱਨ. ਐੱਲ. ਦੀਆਂ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ’ਚੋਂ ਕੋਈ ਵੀ ਕੰਪਨੀ ਚੀਨੀ ਕੰਪਨੀਆਂ ਦੀ ਤਕਨੀਕ ਦੀ ਵਰਤੋਂ ਨਹੀਂ ਕਰ ਰਹੀ ਹੈ।

ਚੀਨ ਨੇ ਜਤਾਇਆ ਅਫਸੋਸ

ਦੂਰਸੰਚਾਰ ਵਿਭਾਗ ਨੇ 5ਜੀ ਪ੍ਰੀਖਣ ਲਈ ਪ੍ਰਵਾਨਿਤ ਦੂਰਸੰਚਾਰ ਗੀਅਰ ਨਿਰਮਤਾਵਾਂ ਦੀ ਸੂਚੀ ’ਚ ਏਰਿਕਸਨ, ਨੋਕੀਆ, ਸੈਮਸੰਗ, ਸੀ-ਡਾਟ ਅਤੇ ਰਿਲਾਇੰਸ ਜੀਓ ਦੀ ਸਵਦੇਸ਼ੀ ਤੌਰ ’ਤੇ ਵਿਕਸਿਤ ਤਕਨਾਲੋਜੀਆਂ ਸ਼ਾਮਲ ਹਨ। ਇਸ ਦਾ ਮਤਲਬ ਹੈ ਕਿ ਚੀਨੀ ਕੰਪਨੀਆਂ 5ਜੀ ਪ੍ਰੀਖਣਾਂ ਦਾ ਹਿੱਸਾ ਨਹੀਂ ਹੋਣਗੀਆਂ। ਦੂਰਸੰਚਾਰ ਵਿਭਾਗ ਦਾ ਇਹ ਕਦਮ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਕੇਂਦਰ ਸਰਕਾਰ ਦੇਸ਼ ’ਚ ਸ਼ੁਰੂ ਹੋਣ ਵਾਲੀਆਂ 5ਜੀ ਦੂਰਸੰਚਾਰ ਸੇਵਾਵਾਂ ’ਚ ਚੀਨੀ ਕੰਪਨੀਆਂ ਨੂੰ ਹਿੱਸਾ ਲੈਣ ਤੋਂ ਰੋਕ ਸਕਦੀਆਂ ਹਨ। ਚੀਨ ਨੇ ਆਪਣੀਆਂ ਕੰਪਨੀਆਂ ਨੂੰ ਭਾਰਤ ’ਚ 5ਜੀ ਟ੍ਰਾਇਲ ’ਚ ਹਿੱਸਾ ਲੈਣ ਦੀ ਮਨਜ਼ੂਰੀ ਨਾ ਦੇਣ ਦੇ ਸਰਕਾਰ ਦੇ ਫੈਸਲੇ ’ਤੇ ਅਫਸੋਸ ਜਤਾਇਆ ਹੈ।


author

Harinder Kaur

Content Editor

Related News