ਸਰਕਾਰ ਮਹਾਮਾਰੀ ਕਾਰਨ ਛੋਟੇ ਕਾਰੋਬਾਰਾਂ ਨੂੰ ਦੇ ਸਕਦੀ ਹੈ ਇਹ ਵੱਡੀ ਰਾਹਤ
Wednesday, May 26, 2021 - 01:55 PM (IST)
ਨਵੀਂ ਦਿੱਲੀ- ਗਲੋਬਲ ਮਹਾਮਾਰੀ ਕਾਰਨ ਕਮਜ਼ੋਰ ਹੋ ਰਹੀ ਆਰਥਿਕਤਾ ਨੂੰ ਸਹਾਰਾ ਦੇਣ ਲਈ ਸਰਕਾਰ ਰਾਹਤ ਪੈਕੇਜ ਦੀ ਘੋਸ਼ਣਾ ਕਰ ਸਕਦੀ ਹੈ। ਵਿੱਤ ਮੰਤਰਾਲਾ ਇਸ 'ਤੇ ਕੰਮ ਕਰ ਰਿਹਾ ਹੈ। ਇਸ ਪੈਕੇਜ ਵਿਚ ਮੁੱਖ ਤੌਰ 'ਤੇ ਸੈਰ-ਸਪਾਟਾ, ਹਵਾਬਾਜ਼ੀ, ਪ੍ਰਣਾਹੁਣਚਾਰੀ ਉਦਯੋਗਾਂ ਨੂੰ ਬੜ੍ਹਾਵਾ ਦੇਣ 'ਤੇ ਜ਼ੋਰ ਦਿੱਤੇ ਜਾਣ ਦੀ ਉਮੀਦ ਹੈ।
ਵਿੱਤ ਮੰਤਰਾਲਾ ਦੇ ਸੂਤਰਾਂ ਮੁਤਾਬਕ, ਅਜੇ ਇਸ ਘੋਸ਼ਣਾ ਦੀ ਕੋਈ ਤਾਰੀਖ਼ ਨਿਰਧਾਰਤ ਨਹੀਂ ਕੀਤੀ ਗਈ ਹੈ। ਭਾਰਤੀ ਰਿਜ਼ਰਵ ਬੈਂਕ 'ਤੇ ਵੀ ਕਰਜ਼ ਪੁਨਰਗਠਨ ਨਿਯਮਾਂ ਵਿਚ ਢਿੱਲ ਦੇਣ ਦਾ ਦਬਾਅ ਹੈ। ਸਭ ਤੋਂ ਜ਼ਿਆਦਾ ਅਸਰ ਐੱਮ. ਐੱਸ. ਐੱਮ. ਈ. ਯਾਨੀ ਛੋਟੇ ਕਾਰੋਬਾਰਾਂ 'ਤੇ ਪਿਆ ਹੈ।
ਸਰਕਾਰ ਛੋਟੇ ਕਾਰੋਬਾਰਾਂ ਨੂੰ ਤਤਕਾਲ ਸਹਾਇਤਾ ਲਈ ਸੰਕਟਕਾਲੀ ਕ੍ਰੈਡਿਟ ਲਾਈਨ ਗਾਰੰਟੀ ਯੋਜਨਾ ਵਿਚ ਬਦਲਾਅ ਕਰ ਸਕਦੀ ਹੈ। ਲਗਭਗ 6.5 ਕਰੋੜ ਐੱਮ. ਐੱਸ. ਐੱਮ. ਈ. ਜੀ. ਡੀ. ਪੀ. ਵਿਚ 30 ਫ਼ੀਸਦੀ ਯੋਗਦਾਨ ਕਰਦੇ ਹਨ, ਲਿਹਾਜਾ ਇਨ੍ਹਾਂ ਲਈ ਰਾਹਤ ਪੈਕੇਜ ਵਿਚ ਵੱਡੀ ਘੋਸ਼ਣਾ ਦੀ ਉਮੀਦ ਹੈ। ਗੌਰਤਲਬ ਹੈ ਕਿ ਮਹਾਮਾਰੀ ਕਾਰਨ ਸੈਰ ਸਪਾਟਾ, ਹਵਾਬਾਜ਼ੀ ਤੇ ਪ੍ਰਣਾਹੁਣਚਾਰੀ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਸੂਬਿਆਂ ਵਿਚ ਕੋਰੋਨਾ ਕਾਰਨ ਸਖ਼ਤ ਪਾਬੰਦੀਆਂ ਕਾਰਨ ਇਨ੍ਹਾਂ ਦਾ ਮੰਦਾ ਚੱਲ ਰਿਹਾ ਹੈ। ਹਾਲਾਂਕਿ, ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਮਾਮਲਿਆਂ ਵਿਚ ਕਮੀ ਆਈ ਹੈ ਪਰ ਬਲੈਕ, ਯੈਲੋ ਫੰਗਸ ਨੇ ਹੋਰ ਚਿੰਤਾ ਵਧਾ ਦਿੱਤੀ ਹੈ। ਉੱਥੇ ਹੀ, ਹਸਪਤਾਲਾਂ ਵਿਚ ਆਕਸੀਜਨ ਦੀ ਘਾਟ ਪੂਰੀ ਕਰਨ ਲਈ ਕਾਰਪੋਰੇਟ ਘਰਾਣੇ ਤੇ ਸਰਕਾਰੀ ਕੰਪਨੀਆਂ ਆਕਸੀਜਨ ਪਲਾਂਟ ਲਾ ਰਹੇ ਹਨ।