BPCL 'ਚ ਬੋਲੀ ਲਾਉਣ ਦੀ ਤਾਰੀਖ਼ ਸਰਕਾਰ ਨੇ 30 ਸਤੰਬਰ ਤੱਕ ਵਧਾਈ

Thursday, Jul 30, 2020 - 04:29 PM (IST)

ਨਵੀਂ ਦਿੱਲੀ— ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) 'ਚ ਆਪਣੀ ਹਿੱਸੇਦਾਰੀ ਵੇਚਣ ਲਈ ਸਰਕਾਰ ਨੇ ਦਿਲਚਸਪੀ ਪੱਤਰ (ਈ. ਓ. ਆਈ.) ਦਾਖ਼ਲ ਕਰਨ ਦੀ ਤਾਰੀਖ਼ ਹੋਰ ਅੱਗੇ ਵਧਾ ਕੇ 30 ਸਤੰਬਰ ਕਰ ਦਿੱਤੀ ਹੈ।

ਇਹ ਤੀਜੀ ਵਾਰ ਹੈ ਜਦੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਬੀ. ਪੀ. ਸੀ. ਐੱਲ. ਲਈ ਬੋਲੀ ਦੀ ਤਾਰੀਖ਼ ਵਧਾਈ ਗਈ ਹੈ। ਨਿਵੇਸ਼ ਤੇ ਜਨਤਕ ਜਾਇਦਾਦ ਪ੍ਰਬੰਧਨ ਵਿਭਾਗ (ਡੀ. ਆਈ. ਪੀ. ਐੱਮ.) ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਟਵਿੱਟਰ 'ਤੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸਰਕਾਰ ਨੇ ਈ. ਓ. ਆਈ. ਜਮ੍ਹਾ ਕਰਨ ਦੀ ਮਿਤੀ 30 ਸਤੰਬਰ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਹੈ।

ਸਰਕਾਰ ਨੇ ਬੀ. ਪੀ. ਸੀ. ਐੱਲ. 'ਚ ਆਪਣੀ ਪੂਰੇ ਹਿੱਸੇ ਦੀ ਰਣਨੀਤਕ ਵੇਚ ਦਾ ਪ੍ਰਸਤਾਵ ਦਿੱਤਾ ਹੈ। ਸਰਕਾਰ ਕੋਲ ਕੰਪਨੀ ਦੇ 114.91 ਕਰੋੜ ਸ਼ੇਅਰ ਹਨ, ਜੋ ਕੰਪਨੀ 'ਚ 52.98 ਫੀਸਦੀ ਹਿੱਸੇਦਾਰੀ ਦੇ ਬਰਾਬਰ ਹਨ। ਇਸ ਤੋਂ ਇਲਾਵਾ ਕੰਪਨੀ ਦਾ ਪ੍ਰਬੰਧਨ ਨਿਯੰਤਰਣ ਵੀ ਰਣਨੀਤਕ ਖਰੀਦਦਾਰ ਨੂੰ ਤਬਦੀਲ ਕਰ ਦਿੱਤਾ ਜਾਵੇਗਾ। ਹਾਲਾਂਕਿ, ਇਸ 'ਚ ਕੰਪਨੀ ਦੀ ਨੁਮਾਲੀਗੜ ਰਿਫਾਇਨਰੀ 'ਚ 61.65 ਫੀਸਦੀ ਹਿੱਸੇਦਾਰੀ ਸ਼ਾਮਲ ਨਹੀਂ ਹੈ।
ਗੌਰਤਲਬ ਹੈ ਕਿ ਸਰਕਾਰ ਨੇ 2020-21 ਲਈ 2.1 ਲੱਖ ਕਰੋੜ ਰੁਪਏ ਦੇ ਵਿਨਿਵੇਸ਼ ਦਾ ਟੀਚਾ ਮਿੱਥਿਆ ਹੈ। ਇਸ 'ਚੋਂ 1.2 ਲੱਖ ਕਰੋੜ ਰੁਪਏ ਜਨਤਕ ਖੇਤਰ ਤੋਂ ਅਤੇ 90,000 ਕਰੋੜ ਰੁਪਏ ਵਿੱਤੀ ਸੰਸਥਾਵਾਂ 'ਚ ਹਿੱਸੇਦਾਰੀ ਦੀ ਵਿਕਰੀ ਤੋਂ ਆਉਣਗੇ।


Sanjeev

Content Editor

Related News