Mutual Fund  ਨੂੰ ਲੈ ਕੇ ਸਰਕਾਰ ਨੇ ਦਿੱਤੀ ਸਫਾਈ, ਜਾਣੋ ਕਿਥੇ ਕੱਟੇਗਾ 10 ਫੀਸਦੀ TDS

Wednesday, Feb 05, 2020 - 12:04 PM (IST)

Mutual Fund  ਨੂੰ ਲੈ ਕੇ ਸਰਕਾਰ ਨੇ ਦਿੱਤੀ ਸਫਾਈ, ਜਾਣੋ ਕਿਥੇ ਕੱਟੇਗਾ 10 ਫੀਸਦੀ TDS

ਨਵੀਂ ਦਿੱਲੀ — ਮਿਊਚੁਅਲ ਫੰਡ 'ਚ ਪੈਸਾ ਲਗਾਉਣ ਵਾਲਿਆਂ ਲਈ ਰਾਹਤ ਦੀ ਖਬਰ ਹੈ। ਇਸ ਤੋਂ ਹੋਣ ਵਾਲੀ ਕਮਾਈ 'ਤੇ TDS ਨਹੀਂ ਲੱਗੇਗਾ। ਬਜਟ 2020 ਦੇ ਬਾਅਦ ਇਸ 'ਤੇ ਕੰਫਿਊਜ਼ਨ ਪੈਦਾ ਹੋ ਗਿਆ ਸੀ ਜਿਹੜਾ ਕਿ ਹੁਣ ਸਾਫ ਹੋ ਗਿਆ ਹੈ। ਟੈਕਸ ਵਿਭਾਗ ਨੇ ਸਪੱਸ਼ਟ ਕਰਦੇ ਹੋਏ ਕਿਹਾ ਹੈ ਕਿ ਬਜਟ ਵਿਚ TDS ਲਗਾਉਣ ਦਾ ਜਿਹੜਾ ਪ੍ਰਸਤਾਵ ਦਿੱਤਾ ਸੀ ਉਹ ਮਿਊਚੁਅਲ ਫੰਡ ਯੁਨਿਟਸ ਤੋਂ ਹੋਣ ਵਾਲੀ ਕਮਾਈ 'ਤੇ ਨਹੀਂ ਸਗੋਂ ਫੰਡਾਂ ਵਲੋਂ ਵੰਡੇ ਜਾਣ ਵਾਲੇ ਡਿਵੀਡੈਂਡ 'ਤੇ ਲਾਗੂ ਹੋਵੇਗਾ।

ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ 2020-21 'ਚ ਕਿਹਾ ਸੀ ਕਿ ਕੰਪਨੀਆਂ ਅਤੇ ਮਿਊਚੁਅਲ ਫੰਡ ਵਲੋਂ ਸ਼ੇਅਰ ਹੋਲਡਰ ਜਾਂ ਯੂਨਿਟ ਹੋਲਡਰ ਨੂੰ ਦਿੱਤੇ ਜਾਣ ਵਾਲੇ ਡਿਵੀਡੈਂਡ 'ਤੇ ਹੁਣ ਡਿਵੀਡੈਂਡ ਡਿਸਟ੍ਰੀਬਿਊਸ਼ਨ ਟੈਕਸ(DDT) ਨਹੀਂ ਲੱਗੇਗਾ। ਉਸ ਦੀ ਥਾਂ ਉਨ੍ਹਾਂ ਨੇ ਕੰਪਨੀ ਜਾਂ ਮਿਊਚੁਅਲ ਫੰਡ ਵਲੋਂ ਸ਼ੇਅਰ ਹੋਲਡਰ ਜਾਂ ਯੂਨਿਟ ਹੋਲਡਰ ਨੂੰ ਵੰਡੇ ਜਾਣ ਵਾਲੇ ਡਿਵੀਡੈਂਡ ਜਾਂ 5,000 ਰੁਪਏ ਸਾਲਾਨਾ ਤੋਂ ਜ਼ਿਆਦਾ ਦੀ ਕਮਾਈ 'ਤੇ 10% ਦਾ ਟੈਕਸ ਡਿਡਕਟਿਡ ਏਟ ਸੋਰਸ(TDS) ਦੀ ਗੱਲ ਕਹੀ ਸੀ। 

ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼(CBDT) ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸ ਬਾਰੇ 'ਚ ਉਨ੍ਹਾਂ ਕੋਲ ਸਵਾਲ ਆਏ ਸਨ ਕਿ ਕੀ ਮਿਊਚੁਅਲ ਫੰਡ ਨੂੰ ਯੂਨਿਟਸ ਦੇ ਰੀਡਮਪਸ਼ਨ 'ਤੇ ਹੋਣ ਵਾਲੇ ਕੈਪੀਟਲ ਗੇਨਜ਼ 'ਤੇ TDS ਕੱਟਣਾ ਹੋਵੇਗਾ। ਉਸ ਨੇ ਜਵਾਬ 'ਚ ਦੱਸਿਆ, 'ਇਹ ਸਾਫ ਕੀਤਾ ਜਾਂਦਾ ਹੈ ਕਿ ਮਿਊਚੁਅਲ ਫੰਡ ਨੂੰ 10 ਫੀਸਦੀ ਦਾ TDS ਡਿਵੀਡੈਂਡ ਪੇਮੈਂਟ 'ਤੇ ਹੀ ਕੱਟਣਾ ਹੋਵੇਗਾ। ਉਸ ਰਕਮ 'ਤੇ ਕੋਈ ਟੈਕਸ ਨਹੀਂ ਕੱਟਣਾ ਹੋਵੇਗਾ ਜਿਹੜਾ ਕੈਪੀਟਲ ਗੇਨਜ਼ ਦੇ ਤੌਰ 'ਤੇ ਯੂਨਿਟ ਹੋਲਡਰ ਨੂੰ ਮਿਲੇਗੀ।'

CBDT ਨੇ ਇਹ ਵੀ ਕਿਹਾ ਕਿ ਜ਼ਰੂਰਤ ਪੈਣ 'ਤੇ ਹੋਰ ਸਪਸ਼ਟੀਕਰਣ ਜਾਰੀ ਕੀਤੇ ਜਾ ਸਕਦੇ ਹਨ। ਫਾਇਨਾਂਸ ਬਿੱਲ 'ਚ ਦੱਸਿਆ ਗਿਆ ਸੀ ਕਿ ਇਨਕਮ ਪੇਮੈਂਟ ਕਰਨ ਵਾਲੇ ਨੂੰ 10 ਫੀਸਦੀ ਦੀ ਦਰ ਨਾਲ ਟੈਕਸ ਕੱਟਣਾ ਹੋਵੇਗਾ। ਇਸ ਕਾਰਨ ਮਿਊਚੁਅਲ ਫੰਡਸ ਕੰਫਿਊਜ਼ ਹੋ ਗਏ ਸਨ ਕਿ ਜਿਸ ਇਨਕਮ 'ਤੇ TDS ਕੱਟਣਾ ਹੈ ਉਹ ਡਿਵੀਡੈਂਡ ਹੋਵੇਗੀ ਜਾਂ ਫਿਰ ਉਸ ਵਿਚ ਕੈਪੀਟਲ ਗੇਨਜ਼ ਵੀ ਹੋਣਗੇ।
 


Related News