'ਫਰਜ਼ੀ ਅਤੇ ਭੜਕਾਊ' ਸਮੱਗਰੀ ਪਾਉਣ ਵਾਲੇ ਕਈ ਸੋਸ਼ਲ ਮੀਡੀਆ ਹੈਂਡਲ ’ਤੇ ਸਰਕਾਰ ਨੇ ਲਗਾਈ ਰੋਕ

Sunday, Jan 09, 2022 - 01:30 PM (IST)

'ਫਰਜ਼ੀ ਅਤੇ ਭੜਕਾਊ' ਸਮੱਗਰੀ ਪਾਉਣ ਵਾਲੇ ਕਈ ਸੋਸ਼ਲ ਮੀਡੀਆ ਹੈਂਡਲ ’ਤੇ ਸਰਕਾਰ ਨੇ ਲਗਾਈ ਰੋਕ

ਨਵੀਂ ਦਿੱਲੀ–ਸੂਚਨਾ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਸਰਕਾਰ ਨੇ ਸੋਸ਼ਲ ਮੀਡੀਆ ਦੇ ਅਜਿਹੇ ਖਾਤਿਆਂ ’ਤੇ ਰੋਕ ਲਗਾਈ ਹੈ, ਜਿਨ੍ਹਾਂ ਨੇ ਟਵਿਟਰ, ਯੂ. ਟਿਊਬ ਅਤੇ ਫੇਸਬੁੱਕ ’ਤੇ ‘ਫਰਜ਼ੀ ਅਤੇ ਭੜਕਾਊ’ ਸਮੱਗਰੀ ਪਾਈ ਸੀ। ਚੰਦਰਸ਼ੇਖਰ ਨੇ ਕਿਹਾ ਕਿ ਇਨ੍ਹਾਂ ਖਾਤਿਆਂ ਦੇ ਸੰਚਾਲਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਨਫਰਤ ਭਰੀ ਪੋਸਟ ’ਤੇ ਵਿਆਪਕ ਕਾਰਵਾਈ ਦਰਮਿਆਨ ਸੂਤਰਾਂ ਨੇ ਕਿਹਾ ਕਿ ਜਿਸ ਇਤਰਾਜ਼ਯੋਗ ਸਮੱਗਰੀ ’ਤੇ ਕਾਰਵਾਈ ਕੀਤੀ ਗਈ ਹੈ, ਉਹ ਕੈਬਨਿਟ ਦੀ ਇਕ ਬ੍ਰੀਫਿੰਗ ਦੇ ਫਰਜ਼ੀ ਵੀਡੀਓ ਨਾਲ ਸਬੰਧਤ ਹੈ।
ਸੋਸ਼ਲ ਮੀਡੀਆ ਹੈਂਡਲ ’ਤੇ ਪਾਏ ਗਏ ਇਸ ਫਰਜ਼ੀ ਵੀਡੀਓ ’ਚ ਪ੍ਰਧਾਨ ਮੰਤਰੀ ਖ਼ਿਲਾਫ਼ ਹਿੰਸਕ ਵਿਸ਼ਾ-ਵਸਤੂ ਅਤੇ ਹਿੰਦੂ ਔਰਤਾਂ ਲਈ ਅਪਮਾਨਜਨਕ ਬਿਆਨ ਦਰਸਾਏ ਗਏ ਹਨ। ਚੰਦਰਸ਼ੇਖਰ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਸੂਚਨਾ ਤਕਨਾਲੋਜੀ ਮੰਤਰਾਲਾ ’ਚ ਸੁਰੱਖਿਅਤ ਅਤੇ ਭਰੋਸੇਯੋਗ ਇੰਟਰਨੈੱਟ ਲਈ ਵਰਕਫੋਰਸ ਕੰਮ ਕਰ ਰਿਹਾ ਹੈ। ਜਿਨ੍ਹਾਂ ਹੈਂਡਲ ਤੋਂ ਟਵਿਟਰ, ਯੂ. ਟਿਊਬ, ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਫਰਜ਼ੀ/ਭੜਕਾਊ ਸਮੱਗਰੀ ਪਾਉਣ ਦਾ ਯਤਨ ਕੀਤਾ ਗਿਆ ਹੈ, ਉਨ੍ਹਾਂ ’ਤੇ ਰੋਕ ਲਗਾ ਦਿੱਤੀ ਗਈ ਹੈ।
ਖਾਤਾ ਚਲਾਉਣ ਵਾਲਿਆਂ ਦੀ ਕੀਤੀ ਜਾ ਰਹੀ ਹੈ ਪਛਾਣ
ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਖਾਤਿਆਂ ਨੂੰ ਚਲਾਉਣ ਵਾਲਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਕਿ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾ ਸਕੇ। ਚੰਦਰਸ਼ੇਖਰ ਨੇ ਸ਼ੁੱਕਰਵਾਰ ਨੂੰ ਟਵੀਟ ਦਾ ਜਵਾਬ ਦਿੱਤਾ, ਜਿਸ ’ਚ ਉਨ੍ਹਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਪ੍ਰਧਾਨ ਮੰਤਰੀ ਨੂੰ ਦਰਸਾਉਣ ਵਾਲੇ ਬਹੁਤ ਹਿੰਸਕ ਵੀਡੀਓ ਦੇ ਨਿਰਮਾਤਾਵਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਮੰਤਰੀ ਨੇ ਜਵਾਬ ’ਚ ਕਿਹਾ ਕਿ ਕੰਮ ਜਾਰੀ ਹੈ। ਮੰਤਰਾਲਾ ਇੰਟਰਨੈੱਟ ਨੂੰ ਸੁਰੱਖਿਅਤ ਅਤੇ ਭਰੋਸੇਮੰਦ ਰੱਖਣ ਦੀ ਅਤੇ ਵਿਚੋਲਿਆਂ ਨੂੰ ਸਮੱਗਰੀ ਲਈ ਬਹੁਤ ਗੰਭੀਰਤਾ ਨਾਲ ਜਵਾਬਦੇਹ ਠਹਿਰਾਉਣ ਦੀ ਜ਼ਿੰਮੇਵਾਰੀ ਲੈਂਦਾ ਹੈ।


author

Aarti dhillon

Content Editor

Related News