ਸਰਕਾਰ ਨੇ 187 ਸਟਾਰਟਅਪ ਨੂੰ ਆਮਦਨ ਟੈਕਸ ਛੋਟ ਦਾ ਲਾਭ ਦੇਣ ਦੀ ਦਿੱਤੀ ਮਨਜ਼ੂਰੀ

Friday, May 16, 2025 - 04:07 PM (IST)

ਸਰਕਾਰ ਨੇ 187 ਸਟਾਰਟਅਪ ਨੂੰ ਆਮਦਨ ਟੈਕਸ ਛੋਟ ਦਾ ਲਾਭ ਦੇਣ ਦੀ ਦਿੱਤੀ ਮਨਜ਼ੂਰੀ

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ 187 ਸਟਾਰਟਅਪ ਕੰਪਨੀਆਂ ਨੂੰ ਆਮਦਨ ਟੈਕਸ ਛੋਟ ਦੀ ਮਨਜ਼ੂਰੀ ਦਿੱਤੀ ਹੈ। ਟੈਕਸ ਲਾਭ ਨਾਲ ਪਾਤਰ ਸਟਾਰਟਅਪ ਨੂੰ ਆਪਣੇ ਗਠਨ ਦੀ ਤਰੀਕ ਤੋਂ 10 ਸਾਲ ਦੀ ਮਿਆਦ ਦੇ ਅੰਦਰ ਕਿਸੇ ਵੀ ਲਗਾਤਾਰ 3 ਸਾਲਾਂ ਲਈ ਲਾਭ ’ਤੇ 100 ਫ਼ੀਸਦੀ ਆਮਦਨ ਟੈਕਸ ਕਟੌਤੀ ਦੀ ਆਗਿਆ ਮਿਲਦੀ ਹੈ। ਆਮਦਨ ਟੈਕਸ ਲਾਭ ਯੋਜਨਾ ਉੱਭਰਦੇ ਕਾਰੋਬਾਰਾਂ ਨੂੰ ਉਨ੍ਹਾਂ ਦੇ ਸ਼ੁਰੂਆਤੀ ਸਾਲਾਂ ’ਚ ਸਹਾਇਤਾ ਪ੍ਰਦਾਨ ਕਰਨ, ਇਨੋਵੇਸ਼ਨ, ਰੋਜ਼ਗਾਰ ਅਤੇ ਫੰਡ ਦੀ ਸਿਰਜਣਾ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਗਈ ਹੈ।

ਵਣਜ ਅਤੇ ਉਦਯੋਗ ਮੰਤਰਾਲਾ ਨੇ ਕਿਹਾ, ‘‘ਇਸ ਸਬੰਧ ’ਚ ਫ਼ੈਸਲਾ ਅੰਤਰ-ਮੰਤਰਾਲਈ ਬੋਰਡ (ਆਈ. ਐੱਮ. ਬੀ.) ਦੀ ਬੈਠਕ ਦੌਰਾਨ ਲਿਆ ਗਿਆ।” ਇਸ ਦੇ ਨਾਲ ਹੀ ਯੋਜਨਾ ਦੀ ਸ਼ੁਰੂਆਤ ਤੋਂ ਹੁਣ ਤੱਕ 3,700 ਤੋਂ ਜ਼ਿਆਦਾ ਸਟਾਰਟਅਪ ਨੂੰ ਛੋਟ ਦਿੱਤੀ ਜਾ ਚੁੱਕੀ ਹੈ। ਆਮ ਬਜਟ 2025-26 ਦੌਰਾਨ ਇਕ ਐਲਾਨ ’ਚ ਸਰਕਾਰ ਨੇ ਧਾਰਾ 80-ਆਈ. ਏ. ਸੀ. ਦੇ ਤਹਿਤ ਲਾਭ ਦਾ ਦਾਅਵਾ ਕਰਨ ਲਈ ਸਟਾਰਟਅਪ ਲਈ ਯੋਗਤਾ ਮਿਆਦ ਵਧਾ ਦਿੱਤੀ ਸੀ। ਇਸ ਨਾਲ 1 ਅਪ੍ਰੈਲ, 2030 ਤੋਂ ਪਹਿਲਾਂ ਬਣੇ ਸਟਾਰਟਅਪ ਹੁਣ ਅਪਲਾਈ ਕਰਨ ਦੇ ਪਾਤਰ ਹਨ, ਜਿਸ ਨਾਲ ਨਵੇਂ ਉੱਦਮਾਂ ਨੂੰ ਇਸ ਵਿੱਤੀ ਰਾਹਤ ਤੋਂ ਲਾਭ ਚੁੱਕਣ ਲਈ ਜ਼ਿਆਦਾ ਸਮਾਂ ਅਤੇ ਮੌਕੇ ਮਿਲਣਗੇ।


author

cherry

Content Editor

Related News