ਸਰਕਾਰ ਨੇ ਦਿਨੇਸ਼ ਕੁਮਾਰ ਖਾਰਾ ਨੂੰ 3 ਸਾਲ ਲਈ SBI ਚੇਅਰਮੈਨ ਨਿਯੁਕਤ ਕੀਤਾ

10/06/2020 10:31:32 PM

ਨਵੀਂ ਦਿੱਲੀ— ਸਰਕਾਰ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਸਭ ਤੋਂ ਸੀਨੀਅਰ ਮੈਨੇਜਿੰਗ ਡਾਇਰੈਕਟਰ ਦਿਨੇਸ਼ ਕੁਮਾਰ ਖਾਰਾ ਬੈਂਕ ਦੇ ਨਵੇਂ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਬੈਂਕ ਬੋਰਡ ਬਿਊਰੋ (ਬੀ. ਬੀ. ਬੀ.) ਨੇ ਐੱਸ. ਬੀ. ਆਈ. ਚੇਅਰਮੈਨ ਦੇ ਅਹੁਦੇ ਲਈ ਖਾਰਾ ਦੇ ਨਾਮ ਦੀ ਸਿਫਾਰਸ਼ ਕੀਤੀ ਸੀ।

ਖਾਰਾ ਐੱਸ. ਬੀ. ਆਈ. ਦੇ ਮੌਜੂਦਾ ਚੇਅਰਮੈਨ ਰਜਨੀਸ਼ ਕੁਮਾਰ ਦੀ ਜਗ੍ਹਾ ਲੈਣਗੇ, ਜਿਨ੍ਹਾਂ ਦਾ ਤਿੰਨ ਸਾਲਾ ਕਾਰਜਕਾਲ 7 ਅਕਤੂਬਰ ਨੂੰ ਪੂਰਾ ਹੋ ਰਿਹਾ ਹੈ। ਸਰਕਾਰ ਨੇ ਮੰਗਲਵਾਰ ਨੂੰ ਦਿਨੇਸ਼ ਕੁਮਾਰ ਖਾਰਾ ਨੂੰ 7 ਅਕਤੂਬਰ ਤੋਂ ਤਿੰਨ ਸਾਲਾਂ ਲਈ ਭਾਰਤੀ ਸਟੇਟ ਬੈਂਕ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਖਾਰਾ ਸਾਲ 2017 'ਚ ਵੀ ਚੇਅਰਮੈਨ ਦੇ ਅਹੁਦੇ ਲਈ ਦਾਅਵੇਦਾਰ ਸਨ।

ਖਾਰਾ ਨੂੰ ਤਿੰਨ ਸਾਲ ਦੇ ਕਾਰਜਕਾਲ ਲਈ ਅਗਸਤ 2016 'ਚ ਐੱਸ. ਬੀ. ਆਈ. ਦੇ ਪ੍ਰਬੰਧ ਨਿਰਦੇਸ਼ਕ ਦੇ ਰੂਪ 'ਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੇ ਬਿਹਤਰ ਪ੍ਰਦਰਸ਼ਨ ਦੀ ਵਜ੍ਹਾ ਨਾਲ 2019 'ਚ ਉਨ੍ਹਾਂ ਦੀ ਸੇਵਾ ਦੋ ਸਾਲਾਂ ਲਈ ਹੋਰ ਵਧਾ ਦਿੱਤੀ ਗਈ ਸੀ। ਦਿੱਲੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਮੈਨੇਜਮੈਂਟ ਸਟੱਡੀਜ਼ ਦੇ ਸਾਬਕਾ ਵਿਦਿਆਰਥੀ, ਗਲੋਬਲ ਬੈਂਕਿੰਗ ਡਿਵੀਜ਼ਨ ਦੇ ਪ੍ਰਮੁੱਖ ਹਨ। ਉਨ੍ਹਾਂ ਦਾ ਬੋਰਡ ਪੱਧਰ ਦਾ ਰੁਤਬਾ ਹੈ ਅਤੇ ਐੱਸ. ਬੀ. ਆਈ. ਦੀਆਂ ਗੈਰ-ਬੈਂਕਿੰਗ ਸਹਾਇਕ ਕੰਪਨੀਆਂ ਦੇ ਕਾਰੋਬਾਰਾਂ ਦੀ ਨਿਗਰਾਨੀ ਕਰਦੇ ਹਨ। ਮੈਨੇਜਿੰਗ ਡਾਇਰੈਕਟਰ ਨਿਯੁਕਤ ਹੋਣ ਤੋਂ ਪਹਿਲਾਂ, ਉਹ ਐੱਸ. ਬੀ. ਆਈ. ਫੰਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਦੇ ਐੱਮ. ਡੀ. ਅਤੇ ਸੀ. ਈ. ਓ. ਸਨ। ਖਾਰਾ ਪ੍ਰੋਬੇਸ਼ਨਰੀ ਅਫਸਰ ਦੇ ਤੌਰ 'ਤੇ 1984 'ਚ ਐੱਸ. ਬੀ. ਆਈ. 'ਚ ਸ਼ਾਮਲ ਹੋਏ ਸਨ। ਉਨ੍ਹਾਂ ਦੀ ਪੰਜ ਸਹਾਇਕ ਬੈਂਕਾਂ ਅਤੇ ਭਾਰਤੀ ਮਹਿਲਾ ਬੈਂਕ ਨੂੰ ਐੱਸ. ਬੀ. ਆਈ. 'ਚ ਮਿਲਾਉਣ 'ਚ ਅਹਿਮ ਭੂਮਿਕਾ ਰਹੀ ਹੈ।


Sanjeev

Content Editor

Related News