ਗੂਗਲ, ਫੇਸਬੁੱਕ ਭਾਰਤ ਦੇ IT ਨਿਯਮਾਂ ਅਨੁਸਾਰ ਅਪਡੇਟ ਕਰਨ ਲੱਗੇ ਵੈੱਬਸਾਈਟਸ
Sunday, May 30, 2021 - 06:59 PM (IST)
ਨਵੀਂ ਦਿੱਲੀ (ਭਾਸ਼ਾ) - ਗੂਗਲ ਅਤੇ ਫੇਸਬੁੱਕ ਵਰਗੀਆਂ ਵੱਡੀ ਡਿਜੀਟਲ ਕੰਪਨੀਆਂ ਨੇ ਭਾਰਤ ਦੇ ਨਵੇਂ ਸੋਸ਼ਲ ਮੀਡੀਆ ਨਿਯਮਾਂ ਦੇ ਹਿਸਾਬ ਨਾਲ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਸਮੇਤ ਹੋਰ ਜਾਣਕਾਰੀ ਜਨਤਕ ਕਰਨ ਦੇ ਮਕਸਦ ਨਾਲ ਆਪਣੇ ਵੈੱਬਸਾਈਟਸ ਅਪਡੇਟ ਕਰਨ ਸ਼ੁਰੂ ਕਰ ਦਿੱਤੇ ਹਨ। ਸਰਕਾਰੀ ਸੂਤਰਾਂ ਅਨੁਸਾਰ ਗੂਗਲ, ਫੇਸਬੁੱਕ ਅਤੇ ਵ੍ਹਟਸਐਪ ਵਰਗੀਆਂ ਵੱਡੀ ਸੋਸ਼ਲ ਮੀਡੀਆ ਕੰਪਨੀਆਂ ਨੇ ਨਵੇਂ ਡਿਜੀਟਲ ਨਿਯਮਾਂ ਅਨੁਸਾਰ ਸੂਚਨਾ ਤਕਨੀਕੀ (ਆਈ. ਟੀ.) ਮੰਤਰਾਲਾ ਦੇ ਨਾਲ ਵੇਰਵਾ ਸਾਂਝਾ ਕੀਤਾ ਹੈ। ਹਾਲਾਂਕਿ ਟਵਿੱਟਰ ਅਜੇ ਵੀ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀ। ਨਵੇਂ ਨਿਯਮਾਂ ਤਹਿਤ ਪ੍ਰਮੁੱਖ ਸੋਸ਼ਲ ਮੀਡੀਆ ਸੰਚਾਲਕਾਂ ਨੂੰ ਸ਼ਿਕਾਇਤ ਨਿਪਟਾਰਾ ਅਧਿਕਾਰੀ, ਨੋਡਲ ਅਧਿਕਾਰੀ ਅਤੇ ਮੁੱਖ ਸੰਚਾਲਨ ਅਧਿਕਾਰੀ ਨਿਯੁਕਤ ਕਰਨ ਦੀ ਲੋੜ ਹੈ। ਇਨ੍ਹਾਂ ਅਧਿਕਾਰੀਆਂ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੀ ਨਿਯੁਕਤੀ ਭਾਰਤ ’ਚ ਹੋਵੇ ਅਤੇ ਉਹ ਇੱਥੇ ਰਹਿਣ। ਪ੍ਰਮੁੱਖ ਸੋਸ਼ਲ ਮੀਡੀਆ ਸੰਚਾਲਕਾਂ ਦੀ ਸ਼੍ਰੇਣੀ ’ਚ ਉਹ ਸੋਸ਼ਲ ਮੀਡੀਆ ਮੰਚ ਆਉਂਦੇ ਹਨ ਜਿਨ੍ਹਾਂ ਦੇ ਯੂਜ਼ਰਜ਼ ਦੀ ਗਿਣਤੀ 50 ਲੱਖ ਤੋਂ ਜ਼ਿਆਦਾ ਹੈ। ਉਦਯੋਗ ਦੇ ਸੂਤਰਾਂ ਨੇ ਕਿਹਾ ਕਿ ਫੇਸਬੁੱਕ ਅਤੇ ਵ੍ਹਟਸਐਪ ਪਹਿਲਾਂ ਹੀ ਅਨੁਪਾਲਨ ਰਿਪੋਰਟ ਇਲੈਕਟ੍ਰਾਨਿਕਸ ਅਤੇ ਆਈ. ਟੀ. ਮੰਤਰਾਲਾ ਦੇ ਨਾਲ ਸਾਂਝੀ ਕਰ ਚੁੱਕੀਆਂ ਹਨ।
ਨਵੇਂ ਸ਼ਿਕਾਇਤ ਅਧਿਕਾਰੀਆਂ ਦੀ ਨਿਯੁਕਤੀ ਬਾਰੇ ਜਾਣਕਾਰੀ ਇਨ੍ਹਾਂ ਮੰਚਾਂ ’ਤੇ ਅਪਡੇਟ ਕੀਤੀ ਜਾ ਰਹੀ ਹੈ। ਗੂਗਲ ਨੇ ‘ਕਾਂਟੈਕਟ ਅਸ’ ਪੇਜ ’ਤੇ ਜੋ ਗਰਿਅਰ ਦਾ ਨਾਂ ਦਿੱਤਾ ਹੈ। ਉਨ੍ਹਾਂ ਦਾ ਪਤਾ ਮਾਉਂਟੇਨ ਵਿਊ ਅਮਰੀਕਾ ਦਾ ਹੈ। ਇਸ ਪੇਜ ’ਤੇ ਯੂ-ਟਿਊਬ ਲਈ ਸ਼ਿਕਾਇਤ ਨਿਪਟਾਰਾ ਵਿਵਸਥਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਨਿਯਮਾਂ ਅਨੁਸਾਰ ਸਾਰੀਆਂ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਪਣੇ-ਆਪਣੇ ਵੈੱਬਸਾਈਟਸ, ਐਪ ਜਾਂ ਦੋਵਾਂ ’ਤੇ ਸ਼ਿਕਾਇਤ ਨਿਪਟਾਰਾ ਅਧਿਕਾਰੀ ਅਤੇ ਉਨ੍ਹਾਂ ਦੇ ਪਤੇ ਬਾਰੇ ਜਾਣਕਾਰੀ ਦੇਣੀ ਹੈ। ਨਾਲ ਹੀ ਸ਼ਿਕਾਇਤ ਦੇ ਤਰੀਕੇ ਨੂੰ ਦੱਸਣਾ ਹੈ ਜਿਸ ਦੇ ਜਰੀਏ ਯੂਜ਼ਰਜ਼ ਜਾਂ ਪੀਡ਼ਤ ਆਪਣੀ ਸ਼ਿਕਾਇਤ ਕਰ ਸਕੇ। ਸ਼ਿਕਾਇਤ ਅਧਿਕਾਰੀ ਨੂੰ 24 ਘੰਟੇ ਦੇ ਅੰਦਰ ਦਰਜ ਕੀਤੀ ਗਈ ਸ਼ਿਕਾਇਤ ਪ੍ਰਾਪਤ ਕਰਨ ਬਾਰੇ ਸੂਚਨਾ ਦੇਣੀ ਹੋਵੇਗੀ। ਨਾਲ ਹੀ ਅਜਿਹੀਆਂ ਸ਼ਿਕਾਇਤਾਂ ਦਾ ਨਿਪਟਾਰਾ ਪ੍ਰਾਪਤੀ ਦੀ ਤਾਰੀਕ ਤੋਂ 15 ਦਿਨ ਦੀ ਮਿਆਦ ਅੰਦਰ ਕਰਨਾ ਹੋਵੇਗਾ।
ਸੂਤਰਾਂ ਨੇ ਪਹਿਲਾਂ ਕਿਹਾ ਸੀ ਕਿ ਨਵੇਂ ਨਿਯਮਾਂ ਦੀਆਂ ਵਿਵਸਥਾਵਾਂ ਨੂੰ ਲਾਗੂ ਕਰਨ ਦੇ ਸੰਦਰਭ ’ਚ ਗੂਗਲ, ਫੇਸਬੁੱਕ ਅਤੇ ਵ੍ਹਟਸਐਪ ਤੋਂ ਇਲਾਵਾ ਕੂ, ਸਰਚਚੈਟ, ਟੈਲੀਗ੍ਰਾਮ ਅਤੇ ਲਿੰਕਡਇਨ ਵਰਗੇ ਮਹੱਤਵਪੂਰਣ ਸੋਸ਼ਲ ਮੀਡੀਆ ਸੰਚਾਲਕਾਂ ਨੇ ਮੰਤਰਾਲਾ ਦੇ ਨਾਲ ਵੇਰਵੇ ਸਾਂਝੇ ਕੀਤੇ ਹਨ।