ਪਹਿਲੀ ਵਾਰ ਨਵੇਂ ਰੂਟ ਰਾਹੀਂ ਅਫਗਾਨਿਸਤਾਨ ਤੋਂ ਭਾਰਤ ਪੁੱਜਾ ਸਾਮਾਨ
Thursday, Mar 14, 2019 - 11:15 AM (IST)

ਨਵੀਂ ਦਿੱਲੀ - ਭਾਰਤ, ਅਫਗਾਨਿਸਤਾਨ ਅਤੇ ਈਰਾਨ ਦੇ ਰਸਤੇ ਦਾ ਰੋੜਾ ਬਣੇ ਪਾਕਿਸਤਾਨ ਨੂੰ ਬਾਈਪਾਸ ਕਰਨ ਦੀ ਰਣਨੀਤੀ ਕਾਮਯਾਬ ਹੁੰਦੀ ਦਿਸ ਰਹੀ ਹੈ। ਤਿੰਨਾਂ ਦੇਸ਼ਾਂ ’ਚ ਚਾਬਹਾਰ ਪੋਰਟ ਤੋਂ ਵਪਾਰ ’ਚ ਅਾਸਾਨੀ ਹੋਵੇਗੀ। ਨਾਲ ਹੀ ਹੁਣ ਵਪਾਰ ਲਈ ਪਾਕਿਸਤਾਨੀ ਰੂਟ ਦੀ ਜ਼ਰੂਰਤ ਨਹੀਂ ਹੋਵੇਗੀ। ਅਫਗਾਨਿਸਤਾਨ ਨੇ ਈਰਾਨ ਦੇ ਚਾਬਹਾਰ ਪੋਰਟ ਤੋਂ ਪਹਿਲੀ ਵਾਰ 570 ਟਨ ਸਾਮਾਨ ਸਫਲਤਾਪੂਰਵਕ ਭਾਰਤ ਦੇ ਮੁੰਬਈ ਅਤੇ ਗੁਜਰਾਤ ਪੋਰਟ ਭੇਜਿਆ ਹੈ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਨਿਮਰੋਜ ਪ੍ਰਾਂਤ ਦੇ ਜਾਰਾਂਜ ਸ਼ਹਿਰ ਤੋਂ 23 ਟਰੱਕਾਂ ਦਾ ਕਾਫਿਲਾ ਚਾਬਹਾਰ ਪੋਰਟ ਲਈ ਰਵਾਨਾ ਕੀਤਾ ਸੀ, ਜੋ ਹੁਣ ਭਾਰਤ ਪਹੁੰਚ ਚੁੱਕਾ ਹੈ।
ਸੈਂਟਰਲ ਏਸ਼ੀਆ ਤੱਕ ਪਹੁੰਚ ਹੋਵੇਗੀ ਆਸਾਨ
ਵਿੱਤ ਮੰਤਰਾਲਾ ਦੇ ਰੈਵੇਨਿਊ ਡਿਪਾਰਟਮੈਂਟ ਦੇ ਪ੍ਰਣਬ ਕੁਮਾਰ ਦਾਸ ਨੇ ਅਫਗਾਨਿਸਤਾਨ ਤੋਂ ਸਾਮਾਨ ਦੇ ਭਾਰਤ ਪੁੱਜਣ ’ਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਹੁਣ ਭਾਰਤ ਦਾ ਸੈਂਟਰਲ ਏਸ਼ੀਆ ਦੇ ਦੇਸ਼ਾਂ ਕਜ਼ਾਕਿਸਤਾਨ, ਕਿਰਗਿਸਤਾਨ, ਅਫਗਾਨਿਸਤਾਨ ਸਮੇਤ ਯੂਰਪ ਅਤੇ ਰੂਸ ਤੱਕ ਘੱਟ ਸਮੇਂ ’ਚ ਸਾਮਾਨ ਪਹੁੰਚਾਇਆ ਜਾ ਸਕੇਗਾ। ਇਸ ਨਾਲ ਭਾਰਤੀ ਵਪਾਰ ਨੂੰ ਬੜ੍ਹਾਵਾ ਮਿਲੇਗਾ। ਨਾਲ ਹੀ ਵਪਾਰ ਲਈ ਹੁਣ ਪਾਕਿਸਤਾਨੀ ਰੂਟ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਮੌਕੇ ਭਾਰਤ ਸਰਕਾਰ, ਵਪਾਰ ਬਾਡੀ ਫਿੱਕੀ ਸਮੇਤ ਕਈ ਮੰਤਰਾਲਿਅਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
ਇਹ ਪ੍ਰੋਡਕਟ ਭੇਜੇ ਗਏ ਭਾਰਤ
ਅਫਗਾਨਿਸਤਾਨ ਤੋਂ ਕਾਲੀਨ, ਸੁੱਕੇ ਮੇਵੇ, ਕਪਾਹ ਆਦਿ ਨੂੰ ਭਾਰਤ ਲਈ ਰਵਾਨਾ ਕੀਤਾ ਗਿਆ ਹੈ। ਹੁਣ ਤੱਕ ਅਫਗਾਨਿਸਤਾਨ ਵਲੋਂ ਆਉਣ ਵਾਲੇ ਪ੍ਰੋਡਕਟ ਨੂੰ ਨੁਕਸਾਨ ਪਹੁੰਚਾਉਣ ਦੇ ਉਦੇਸ਼ ਨਾਲ ਪਾਕਿਸਤਾਨ ਕਈ ਤਰ੍ਹਾਂ ਦੀਆਂ ਰੁਕਾਵਟਾਂ ਪੈਦਾ ਕਰਦਾ ਸੀ। ਪਿਛਲੇ ਸਾਲ ਪਾਕਿਸਤਾਨ ਨੇ ਅਫਗਾਨਿਸਤਾਨੀ ਟਰੱਕਾਂ ਨੂੰ ਰੋਕ ਦਿੱਤਾ ਸੀ, ਜਿਸ ਤੋਂ ਬਾਅਦ ਭਾਰਤ ਨੇ ਅਫਗਾਨਿਸਤਾਨੀ ਪ੍ਰੋਡਕਟ ਨੂੰ ਹਵਾਈ ਰੂਟ ਰਾਹੀਂ ਮੰਗਵਾਇਆ ਸੀ।
ਹੁਣ ਤੱਕ ਇਨ੍ਹਾਂ ਉਤਪਾਦਾਂ ਨੂੰ ਪਾਕਿ ਦੇ ਰਸਤੇ ਪੰਜਾਬ ਦੇ ਅਟਾਰੀ ਬਾਰਡਰ ਤੋਂ ਭਾਰਤ ਲਿਆਇਆ ਜਾਂਦਾ ਸੀ। ਹਾਲਾਂਕਿ ਇਸ ਦੇ ਲਈ ਅਫਗਾਨਿਸਤਾਨ ਨੂੰ ਪਾਕਿਸਤਾਨ ਦੀ ਇਜਾਜ਼ਤ ਲੈਣੀ ਹੁੰਦੀ ਸੀ। ਨਾਲ ਹੀ ਪਾਕਿਸਤਾਨ ਅਫਗਾਨਿਸਤਾਨੀ ਟਰੱਕਾਂ ਨੂੰ ਸਿੱਧੇ ਭਾਰਤ ਨਾ ਭੇਜ ਕੇ ਅਫਗਾਨਿਸਤਾਨੀ ਪ੍ਰੋਡਕਟ ਨੂੰ ਪਾਕਿਸਤਾਨ ਦੇ ਟਰੱਕ ’ਚ ਲੋਡ ਕਰ ਕੇ ਭਾਰਤ ਭੇਜਦਾ ਸੀ। ਪਾਕਿਸਤਾਨ ਇਸ ਦੇ ਪਿੱਛੇ ਸੁਰੱਖਿਆ ਕਾਰਨਾਂ ਨੂੰ ਵਜ੍ਹਾ ਦੱਸਦਾ ਸੀ।