ਅਮਰੀਕਾ ਨੂੰ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਲਈ ਇਹ ਵੱਡੀ ਖ਼ੁਸ਼ਖ਼ਬਰੀ
Saturday, Aug 07, 2021 - 02:54 PM (IST)
 
            
            ਨਵੀਂ ਦਿੱਲੀ- ਸਰਕਾਰੀ ਏਅਰਲਾਈਨ ਏਅਰ ਇੰਡੀਆ ਨੇ ਅਮਰੀਕਾ ਜਾਣ ਵਾਲੇ ਵਿਦਿਆਰਥੀਆਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਨਾਨ-ਸਟਾਪ ਉਡਾਣਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ। ਹੁਣ ਹਰ ਹਫ਼ਤੇ ਭਾਰਤ ਤੋਂ ਅਮਰੀਕਾ ਲਈ 21 ਉਡਾਣਾਂ ਜਾਣਗੀਆਂ। ਹੁਣ ਤੱਕ ਇਕ ਹਫਤੇ ਵਿਚ ਸਿਰਫ 10 ਫਲਾਈਟਸ ਹੀ ਉਡਾਣ ਭਰ ਰਹੀਆਂ ਸਨ।
ਸਰਕਾਰੀ ਏਅਰਲਾਈਨ ਨੇ ਕੋਰੋਨਾ ਦੀ ਦੂਜੀ ਲਹਿਰ ਤੇ ਅਮਰੀਕੀ ਵੱਲੋਂ 4 ਮਈ ਤੋਂ ਯਾਤਰਾ 'ਤੇ ਲਾਈ ਪਾਬੰਦੀ ਵਿਚਕਾਰ ਆਪਣੀਆਂ ਹਫ਼ਤਾਵਾਰੀ ਉਡਾਣਾਂ ਦੀ ਗਿਣਤੀ 40 ਤੋਂ ਘਟਾ ਕੇ 10 ਕਰ ਦਿੱਤੀ ਸੀ।
ਪਿਛਲੇ ਹਫ਼ਤੇ ਏਅਰ ਇੰਡੀਆ ਨੇ ਕਿਹਾ, ''ਕੋਰੋਨਾ ਸੰਕਰਮਣ ਦੇ ਹਾਲ ਹੀ ਵਿਚ ਵਧੇ ਮਾਮਲਿਆਂ ਨੂੰ ਦੇਖਦੇ ਹੋਏ ਅਮਰੀਕਾ ਨੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਸ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਸੀ। ਇਸ ਮਗਰੋਂ ਅਮਰੀਕਾ ਦੇ ਕਈ ਸ਼ਹਿਰਾਂ ਵਿਚ ਜਾਣ ਵਾਲੀਆਂ ਏਅਰ ਇੰਡੀਆਂ ਦੀ ਕਈ ਫਲਾਈਟਸ ਨੂੰ ਰੱਦ ਕਰਨਾ ਪਿਆ। ਹੁਣ ਕਿਉਂਕਿ ਅਮਰੀਕਾ ਨੇ ਛੋਟ ਦੇ ਦਿੱਤੀ ਹੈ ਤਾਂ ਫਲਾਈਟਸ ਦੀ ਗਿਣਤੀ ਵਧਾਈ ਜਾ ਰਹੀ ਹੈ।" ਅਮਰੀਕਾ ਜਾਣ ਵਾਲੀਆਂ ਉਡਾਣਾਂ ਦੀ ਗਿਣਤੀ 7 ਅਗਸਤ ਤੋਂ ਦੁੱਗਣੀ ਹੋ ਰਹੀ ਹੈ।
ਇਹ ਵੀ ਪੜ੍ਹੋ- LPG ਸਿਲੰਡਰ 'ਤੇ ਵੱਡਾ ਆਫਰ, ਮਿਲ ਰਿਹਾ ਹੈ 2,700 ਰੁਪਏ ਤੱਕ ਦਾ ਕੈਸ਼ਬੈਕ
ਰਿਪੋਰਟਾਂ ਅਨੁਸਾਰ, ਏਅਰ ਇੰਡੀਆ ਦੀਆਂ ਸਭ ਤੋਂ ਜ਼ਿਆਦਾ ਉਡਾਣਾਂ ਦੀ ਗਿਣਤੀ ਨਿਊਯਾਰਕ (ਜੇ. ਐੱਫ. ਕੇ. ਤੇ ਨੇਵਾਰਕ ਜਾਂ ਈ. ਡਬਲਿਊ. ਆਰ.) ਲਈ ਹੋਵੇਗੀ। ਬਾਕੀ ਫਲਾਈਟਸ ਸ਼ਿਕਾਗੋ ਅਤੇ ਸਾਨ ਫਰਾਂਸਿਸਕੋ ਲਈ ਹੋਣਗੀਆਂ। ਹਾਲਾਂਕਿ, ਅਮਰੀਕਾ ਨੇ ਅਜੇ ਤੱਕ ਯਾਤਰਾ 'ਤੇ ਲੱਗੀ ਪਾਬੰਦੀ ਨੂੰ ਨਹੀਂ ਹਟਾਇਆ ਹੈ ਪਰ ਉੱਥੇ ਯੂਨੀਵਰਸਿਟੀਜ਼ ਵਿਚ ਦਾਖਲੇ ਦੀ ਸ਼ੁਰੂਆਤ ਨਾਲ ਭਾਰਤ ਤੋਂ ਵਿਦਿਆਰਥੀਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਹੈ। ਸੰਯੁਕਤ ਰਾਜ ਅਮਰੀਕਾ ਨੇ ਉਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਹੈ ਜਿਨ੍ਹਾਂ ਨੇ ਉੱਥੋਂ ਦੀਆਂ ਯੂਨੀਵਰਸਿਟੀਜ਼ ਵਿਚ ਕਲਾਸਾਂ ਲਈ ਦਾਖਲਾ ਲਿਆ ਹੈ।
ਇਹ ਵੀ ਪੜ੍ਹੋ- ਸਾਉਣੀ ਫ਼ਸਲਾਂ ਦੇ ਰਕਬੇ 'ਚ ਸੁਧਾਰ ਪਰ ਕਈ ਜਗ੍ਹਾ ਬਾਰਸ਼ ਨੇ ਵਧਾਈ ਚਿੰਤਾ!

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            