5 ਸਾਲਾਂ ''ਚ ਸੋਨਾ ਹੋਵੇਗਾ 1 ਲੱਖ ਤੋਂ ਪਾਰ, ਇਸ ਸਮੇਂ ਪੈ ਰਿਹੈ 8 ਹਜ਼ਾਰ ਰੁ: ਸਸਤਾ
Sunday, Aug 08, 2021 - 12:41 PM (IST)
ਨਵੀਂ ਦਿੱਲੀ– ਸੋਨੇ ’ਚ ਨਿਵੇਸ਼ ਨੂੰ ਲੈ ਕੇ ਲੋਕ ਅੱਜ ਦੇ ਦੌਰ ’ਚ ਬਹੁਤ ਚਿੰਤਤ ਹਨ। ਇਸ ਦਾ ਕਾਰਨ ਹੈ ਕਿ 2020 ਦੀ ਤੁਲਨਾ ’ਚ ਸੋਨੇ ਦੀਆਂ ਕੀਮਤਾਂ 8,000 ਰੁਪਏ ਤੱਕ ਹੇਠਾਂ ਡਿੱਗ ਗਈਆਂ ਹਨ। ਅਜਿਹੇ ’ਚ ਸਵਾਲ ਹੈ ਕਿ ਕੀ ਜੇ ਕੋਈ ਵਿਅਕਤੀ ਇਸ ਸਮੇਂ ਗੋਲਡ ’ਚ ਨਿਵੇਸ਼ ਕਰ ਰਿਹਾ ਹੈ ਤਾਂ ਉਸ ਨੂੰ 5 ਸਾਲ ਬਾਅਦ ਫਾਇਦਾ ਹੋਵੇਗਾ ਜਾਂ ਫਿਰ ਨੁਕਸਾਨ ਉਠਾਉਣਾ ਪਵੇਗਾ। ਨਾਲ ਹੀ ਸਮਝਦੇ ਹਾਂ ਕਿ ਸੋਨੇ ਨੂੰ ਲੈ ਕੇ ਮਾਹਰ ਕੀ ਸਲਾਹ ਦੇ ਰਹੇ ਹਨ।
ਗੋਲਡ ਦਾ ਭਵਿੱਖ ਕਿਹੋ ਜਿਹਾ ਹੋਵੇਗਾ, ਇਸ ’ਤੇ ਗੱਲ ਕਰਨ ਤੋਂ ਪਹਿਲਾਂ ਇਸ ਦਾ ਇਤਿਹਾਸ ਦੇਖ ਲੈਂਦੇ ਹਾਂ। ਸਾਲ 1970 ’ਚ 10 ਗ੍ਰਾਮ ਸੋਨੇ ਦਾ ਭਾਅ 184 ਰੁਪਏ ਸੀ। ਉਦੋਂ ਨਾਲ ਜੇ ਹੁਣ ਦੀ ਤੁਲਨਾ ਕਰੀਏ ਤਾਂ ਸੋਨੇ ਦੇ ਰੇਟ ’ਚ 261 ਗੁਣਾ ਵਾਧਾ ਹੋਇਆ ਹੈ। ਜੇ ਅਸੀਂ 2016 ਤੋਂ ਅੱਜ ਦੇ ਰੇਟ ਦੀ ਤੁਲਨਾ ਕਰੀਏ ਤਾਂ ਵੀ ਬਿਹਤਰ ਰਿਟਰਨ ਹੀ ਮਿਲਿਆ ਹੈ।
ਅਗਸਤ 2016 ’ਚ 10 ਗ੍ਰਾਮ ਸੋਨੇ ਦਾ ਭਾਅ 31,000 ਰੁਪਏ ਸੀ ਜੋ ਕਿ ਅੱਜ ਵਧ ਕੇ 48,000 ਦੇ ਕਰੀਬ ਹੋ ਗਿਆ ਹੈ। ਯਾਨੀ ਪਿਛਲੇ 5 ਸਾਲਾਂ ’ਚ ਕਰੀਬ 56 ਫੀਸਦੀ ਦਾ ਰਿਟਰਨ ਮਿਲਿਆ ਹੈ। ਅਗਸਤ 2020 ’ਚ ਸੋਨਾ ਆਪਣੇ ਆਲ ਟਾਈਮ ਹਾਈ ’ਤੇ ਸੀ ਪਰ ਉਸ ਤੋਂ ਬਾਅਦ ਕੀਮਤਾਂ ’ਚ ਗਿਰਾਵਟ ਆਈ ਅਤੇ 10 ਗ੍ਰਾਮ ਸੋਨੇ ਦਾ ਰੇਟ 43 ਹਜ਼ਾਰ ਰੁਪਏ ਤੱਕ ਪਹੁੰਚ ਗਿਆ ਸੀ ਪਰ ਇਸ ਤੋਂ ਬਾਅਦ ਇਕ ਵਾਰ ਮੁੜ ਕੀਮਤਾਂ ’ਚ ਵਾਧਾ ਹੋਇਆ ਹੈ।
ਕਈ ਭਾਰਤੀ ਮਾਹਰਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਅਰਥਵਿਵਸਥਾ ਪੂਰੀ ਤਰ੍ਹਾਂ ਪਟੜੀ ’ਤੇ ਨਹੀਂ ਆ ਜਾਂਦੀ ਉਦੋਂ ਤੱਕ ਸੋਨੇ ਤੋਂ ਮੁਨਾਫਾ ਮਿਲਦਾ ਰਹੇਗਾ। ਨਾਲ ਹੀ ਜੇ ਤੀਜੀ ਲਹਿਰ ਨਹੀਂ ਆਉਂਦੀ ਹੈ ਤਾਂ ਸੋਨੇ ’ਚ ਬਹੁਤ ਜ਼ਿਆਦਾ ਤੇਜ਼ੀ ਦੀ ਉਮੀਦ ਹੈ। ਸਪੇਨ ਦੇ ਕਵਾਡ੍ਰਿਗਾ ਇਗਨੇਓ ਫੰਡ ਦੇ ਮੈਨੇਜਰ ਡਿਏਗੋ ਪਰਿੱਲਾ ਮੁਤਾਬਕ ਅਗਲੇ 3 ਤੋਂ 5 ਸਾਲਾਂ ’ਚ ਸੋਨੇ ਦੀ ਕੀਮਤ 3000 ਡਾਲਰ ਤੋਂ 5000 ਡਾਲਰ ਪ੍ਰਤੀ ਓਂਸ ਹੋ ਸਕਦਾ ਹੈ। ਜੇ ਭਾਰਤੀ ਰੁਪਏ ’ਚ ਇਸ ਨੂੰ ਦੇਖੀਏ ਤਾਂ ਕੀਮਤਾਂ 78,000 ਰੁਪਏ ਤੋਂ 1,31,000 ਰੁਪਏ ਦਰਮਿਆਨ ਹੋ ਸਕਦੀਆਂ ਹਨ। ਡਿਏਗੋ ਪਰਿੱਲਾ ਨੇ 2016 ’ਚ ਅਨੁਮਾਨ ਲਗਾਇਆ ਸੀ ਕਿ 5 ਸਾਲਾਂ ’ਚ ਸੋਨਾ ਆਪਣੇ ਰਿਕਾਰਡ ਪੱਧਰ ’ਤੇ ਹੋਵੇਗਾ ਅਤੇ ਉਨ੍ਹਾਂ ਦਾ ਇਹ ਅਨੁਮਾਨ ਪਿਛਲੇ ਸਾਲ ਸਹੀ ਸਾਬਤ ਹੋਇਆ ਸੀ।