ਸੋਨਾ-ਚਾਂਦੀ ਦੀਆਂ ਕੀਮਤਾਂ 'ਚ 10,000 ਰੁਪਏ ਤੱਕ ਦੀ ਗਿਰਾਵਟ! ਜਾਣੋ ਕਿੰਨਾ ਸਸਤਾ ਹੋਇਆ ਸੋਨਾ

02/15/2021 6:36:53 PM

ਨਵੀਂ ਦਿੱਲੀ - ਕੋਰੋਨਾ ਆਫ਼ਤ ਦਰਮਿਆਨ ਲਾਗੂ ਹੋਈ ਤਾਲਾਬੰਦੀ ਕਾਰਨ ਹਰ ਸੈਕਟਰ ਵਿਚ ਮੰਦੀ ਦਾ ਮਾਹੌਲ ਸੀ। ਇਸ ਸਮੇਂ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਰਿਕਾਰਡ ਤੋੜੇ। ਤਾਲਾਬੰਦੀ ਦੀ ਢਿੱਲ ਤੋਂ ਬਾਅਦ ਅਗਸਤ 2020 ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਆਪਣੇ ਹੁਣ ਤੱਕ ਦੇ ਸਰਬੋਤਮ ਉੱਚ ਪੱਧਰ ਨੂੰ ਛੂਹ ਗਈਆਂ। ਇਸ ਤੋਂ ਬਾਅਦ ਜਦੋਂ ਸਥਿਤੀ ਵਿਚ ਸੁਧਾਰ ਆਇਆ ਤਾਂ ਨਿਵੇਸ਼ਕ ਹੋਰ ਵਿਕਲਪਾਂ ਵੱਲ ਜਾਣ ਲੱਗੇ। ਹੁਣ ਕੋਰੋਨਾ ਵਾਇਰਸ ਵੈਕਸੀਨ ਦੀ ਆਮਦ ਅਤੇ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਦੇ ਨਾਲ ਦੋਵੇਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿਚ ਸਥਿਰਤਾ ਸ਼ੁਰੂ ਹੋ ਗਈ ਹੈ। ਅਗਸਤ 2020 ਤੋਂ ਸੋਨੇ ਦੀਆਂ ਕੀਮਤਾਂ ਵਿਚ 10,000 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਆ ਚੁੱਕੀ ਹੈ। ਇਸ ਦੇ ਨਾਲ ਹੀ ਚਾਂਦੀ ਵੀ ਆਪਣੀ ਦੀ ਸਭ ਤੋਂ ਉੱਚੀ ਕੀਮਤ ਤੋਂ ਲਗਭਗ 10,000 ਰੁਪਏ ਪ੍ਰਤੀ ਕਿਲੋਗ੍ਰਾਮ ਹੇਠਾਂ ਆ ਗਈ ਹੈ।

ਕੋਰੋਨਾ ਆਫ਼ਤ ਦੌਰਾਨ ਅਗਸਤ 2020 ਵਿਚ ਸੋਨਾ 56,200 ਰੁਪਏ ਪ੍ਰਤੀ 10 ਗ੍ਰਾਮ ਦੇ ਸਰਬੋਤਮ ਪੱਧਰ ਨੂੰ ਛੋਹ ਗਿਆ। ਇਸ ਦੇ ਨਾਲ ਹੀ ਚਾਂਦੀ ਇਸ ਮਿਆਦ ਦੌਰਾਨ 77,840 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਸਿਖਰਲੇ ਪੱਧਰ 'ਤੇ ਪਹੁੰਚ ਗਈ। 13 ਫਰਵਰੀ 2021 ਨੂੰ ਦਿੱਲੀ ਸਰਾਫਾ ਬਾਜ਼ਾਰ ਵਿਚ ਸੋਨੇ ਦੀ ਕੀਮਤ 46,390 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਡਿੱਗ ਕੇ 67,894 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ। ਅਗਸਤ 2020 ਤੋਂ ਹੁਣ ਤੱਕ ਸੋਨੇ ਦੀ ਕੀਮਤ 9,810 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ ਵਿਚ 9,946 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆਈ ਹੈ। ਸੋਨੇ ਵਿਚ ਪਿਛਲੇ ਸਾਲ 28 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ 2019 ਵਿਚ ਦੋਹਰੇ ਅੰਕ ਦਾ ਵਾਧਾ ਵੀ ਦਰਜ ਕੀਤਾ ਗਿਆ। 

ਇਹ ਵੀ ਪੜ੍ਹੋ : ‘ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਅਤੇ ਖਪਤਕਾਰ ਦੇਸ਼ ਹੁਣ ਹੋ ਰਿਹਾ ਆਤਮਨਿਰਭਰ’

ਡਾਲਰ ਇੰਡੈਕਸ ਨਾਲ ਕਾਰੋਬਾਰ ਕਰਦੇ ਹਨ ਸੋਨਾ-ਚਾਂਦੀ

13 ਫਰਵਰੀ 2021 ਨੂੰ ਸੋਨੇ ਦੀ ਕੀਮਤ 457 ਰੁਪਏ ਘੱਟ ਕੇ 46,390 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ। ਇਸ ਦੇ ਨਾਲ ਹੀ ਚਾਂਦੀ 347 ਰੁਪਏ ਦੀ ਗਿਰਾਵਟ ਦੇ ਨਾਲ 67,894 ਰੁਪਏ ਪ੍ਰਤੀ ਕਿਲੋਗ੍ਰਾਮ ਰਹੀ। ਪਿਛਲੇ ਕਾਰੋਬਾਰੀ ਸੈਸ਼ਨ 'ਚ ਚਾਂਦੀ ਮਲਟੀ ਕਮੋਡਿਟੀ ਐਕਸਚੇਂਜ 'ਤੇ 68,241 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ, ਜਦੋਂ ਕਿ ਸੋਨਾ 661 ਰੁਪਏ ਦੀ ਗਿਰਾਵਟ ਦੇ ਨਾਲ 46,847 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਸੀ। ਅੰਤਰਰਾਸ਼ਟਰੀ ਬਾਜ਼ਾਰ ਵਿਚ ਸੋਨਾ 1,815 ਡਾਲਰ ਪ੍ਰਤੀ ਔਂਸ ਅਤੇ ਚਾਂਦੀ 26.96 ਡਾਲਰ ਪ੍ਰਤੀ ਔਂਸ ਦੇ ਪੱਧਰ 'ਤੇ ਸੀ। ਐਚ.ਡੀ.ਐਫ.ਸੀ. ਸਕਿਓਰਟੀਜ਼ ਦੇ ਸੀਨੀਅਰ ਐਨਾਲਿਸਟ (ਕਮੋਡਿਟੀਜ਼) ਤਪਨ ਪਟੇਲ ਨੇ ਕਿਹਾ ਕਿ ਸੋਨੇ ਦੀਆਂ ਕੀਮਤਾਂ ਡਾਲਰ ਇੰਡੈਕਸ ਦੇ ਕਮਜ਼ੋਰ ਹੋਣ ਨਾਲ ਕਾਰੋਬਾਰ ਕਰਦੀਆਂ ਹਨ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੇ ਨਾਲ-ਨਾਲ ਅੱਜ LPG ਸਿਲੰਡਰ ਵੀ ਹੋਇਆ ਮਹਿੰਗਾ, ਜਾਣੋ ਕਿੰਨੇ ਵਧੇ ਭਾਅ

ਆਯਾਤ ਡਿਊਟੀ ਵਿਚ ਕਟੌਤੀ ਦੀ ਘੋਸ਼ਣਾ ਦਾ ਅਸਰ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵਿੱਤੀ ਸਾਲ 2021-22 ਲਈ ਪੇਸ਼ ਕੀਤੇ ਗਏ ਬਜਟ ਵਿਚ ਸੋਨੇ ਅਤੇ ਚਾਂਦੀ ਦੀ ਦਰਾਮਦ ਡਿਊਟੀ ਵਿਚ ਭਾਰੀ ਕਟੌਤੀ ਕਰਨ ਦਾ ਐਲਾਨ ਕੀਤਾ ਸੀ। ਸੋਨੇ ਅਤੇ ਚਾਂਦੀ 'ਤੇ ਦਰਾਮਦ ਡਿਊਟੀ ਵਿਚ 5 ਪ੍ਰਤੀਸ਼ਤ ਦੀ ਕਟੌਤੀ ਕੀਤੀ ਗਈ ਹੈ। ਇਸ ਸਮੇਂ ਸੋਨੇ ਅਤੇ ਚਾਂਦੀ 'ਤੇ 12.5 ਪ੍ਰਤੀਸ਼ਤ ਆਯਾਤ ਡਿਊਟੀ ਅਦਾ ਕਰਨੀ ਪੈਂਦੀ ਹੈ। 5.5 ਪ੍ਰਤੀਸ਼ਤ ਡਿਊਟੀ ਘਟਾਉਣ ਤੋਂ ਬਾਅਦ ਸਿਰਫ 7.5 ਪ੍ਰਤੀਸ਼ਤ ਦਰਾਮਦ ਡਿਊਟੀ ਦਾ ਭੁਗਤਾਨ ਕਰਨਾ ਪਏਗਾ। ਇਸ ਘੋਸ਼ਣਾ ਤੋਂ ਬਾਅਦ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਨਿਰੰਤਰ ਵਾਧਾ ਹੋਇਆ ਹੈ। ਦੱਸ ਦੇਈਏ ਕਿ 1 ਫਰਵਰੀ 2021 ਨੂੰ ਸੋਨਾ 1324 ਰੁਪਏ ਦੀ ਗਿਰਾਵਟ ਦੇ ਨਾਲ 47,520 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਸੀ। ਹਾਲਾਂਕਿ ਚਾਂਦੀ ਵਿਚ ਤਕਰੀਬਨ 461 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਹ 72,470 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ।

ਇਹ ਵੀ ਪੜ੍ਹੋ : ਦੇਸ਼ ਭਰ ’ਚ ਅੱਜ ਤੋਂ ਲਾਜ਼ਮੀ ਹੋਇਆ 'ਫਾਸਟੈਗ', ਜਾਣੋ ਫਾਸਟੈਗ ਦੀ ਪੂਰੀ ਪ੍ਰਕਿਰਿਆ

ਮੌਜੂਦਾ ਪੱਧਰ 'ਤੇ ਨਿਵੇਸ਼ ਨਾਲ ਹੋ ਸਕਦਾ ਹੈ​ ਮੁਨਾਫਾ 

ਜੇ ਪਿਛਲੇ ਸਾਲਾਂ ਦੀ ਤਰਜ਼ 'ਤੇ ਇਸ ਸਾਲ ਵੀ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਤਾਂ ਇਸ ਸਾਲ ਸੋਨਾ 60,000 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਨੂੰ ਪਾਰ ਕਰ ਸਕਦਾ ਹੈ। ਮਾਹਰ ਕਹਿੰਦੇ ਹਨ ਕਿ ਜੇ ਅਨੁਮਾਨ ਸਹੀ ਰਿਹਾ ਤਾਂ ਮੌਜੂਦਾ ਭਾਅ 'ਤੇ ਸੋਨੇ 'ਚ ਨਿਵੇਸ਼ ਲੋਕਾਂ ਨੂੰ ਵੱਡਾ ਫਾਇਦਾ ਦੇ ਸਕਦਾ ਹੈ। ਮਾਹਰ ਕਹਿੰਦੇ ਹਨ ਕਿ 2020 ਵਿਚ ਕੋਰੋਨਾ ਆਫ਼ਤ ਕਾਰਨ ਅਨਿਸ਼ਚਿਤ ਆਰਥਿਕ ਮਾਹੌਲ ਕਾਰਨ ਲੋਕਾਂ ਨੇ ਸੋਨੇ 'ਤੇ ਭਾਰੀ ਨਿਵੇਸ਼ ਕੀਤਾ ਕਿਉਂਕਿ ਇਹ ਸਭ ਤੋਂ ਸੁਰੱਖਿਅਤ ਨਿਵੇਸ਼ ਵਿਕਲਪ ਹੈ। ਹਾਲਾਂਕਿ ਕੋਰੋਨਾ ਟੀਕੇ ਦੀ ਆਮਦ ਅਤੇ ਆਰਥਿਕ ਗਤੀਵਿਧੀਆਂ ਵਿਚ ਤੇਜ਼ੀ ਕਾਰਨ ਸੋਨੇ ਦੀਆਂ ਕੀਮਤਾਂ ਵਿਚ ਕਮੀ ਦਰਜ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦੇਸ਼ ਭਰ ’ਚ ਅੱਜ ਤੋਂ ਲਾਜ਼ਮੀ ਹੋਇਆ 'ਫਾਸਟੈਗ', ਜਾਣੋ ਫਾਸਟੈਗ ਦੀ ਪੂਰੀ ਪ੍ਰਕਿਰਿਆ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News