ਨਵੇਂ ਰਿਕਾਰਡ ਪੱਧਰ ’ਤੇ ਪਹੁੰਚਿਆ ਸੋਨਾ, ਜਾਣੋ ਨਵਾਂ ਰੇਟ
Friday, Apr 04, 2025 - 05:17 AM (IST)

ਨਵੀਂ ਦਿੱਲੀ (ਭਾਸ਼ਾ) : ਅੱਜ ਘਰੇਲੂ ਹਾਜ਼ਰ ਬਾਜ਼ਾਰ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। ਵੀਰਵਾਰ ਨੂੰ, ਗਹਿਣੇ ਵੇਚਣ ਵਾਲਿਆਂ ਅਤੇ ਸਟਾਕਿਸਟਾਂ ਦੀ ਲਗਾਤਾਰ ਖਰੀਦਦਾਰੀ ਦੇ ਵਿਚਕਾਰ, ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ ’ਚ ਸੋਨੇ ਦੀ ਕੀਮਤ 250 ਰੁਪਏ ਵਧ ਕੇ 93,900 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਈ। ਇਸ ਦੇ ਨਾਲ ਹੀ ਚਾਂਦੀ ਦੀਆਂ ਹਾਜ਼ਰ ਕੀਮਤਾਂ ਵਿੱਚ ਵੀ ਗਿਰਾਵਟ ਆਈ ਹੈ। ਚਾਂਦੀ ਦੀ ਕੀਮਤ 2,000 ਰੁਪਏ ਡਿੱਗ ਕੇ 1,00,000 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਸੋਨੇ ਦੀ ਗਲੋਬਲ ਕੀਮਤ
ਐਲਕੇਪੀ ਸਿਕਿਓਰਿਟੀਜ਼ ਦੇ ਵਾਈਸ ਪ੍ਰੈਜ਼ੀਡੈਂਟ (ਰਿਸਰਚ ਐਨਾਲਿਸਟ - ਕਰੰਸੀ ਐਂਡ ਕਮੋਡਿਟੀ) ਜਤਿਨ ਤ੍ਰਿਵੇਦੀ ਨੇ ਕਿਹਾ, ‘ਪਰਸਪਰ ਟੈਰਿਫ ਕਾਰਨ ਸਵੇਰ ਦੇ ਸੈਸ਼ਨ ’ਚ ਸੋਨੇ ’ਚ ਸ਼ੁਰੂਆਤੀ ਵਾਧਾ ਦੇਖਿਆ ਗਿਆ, ਪਰ ਜਲਦੀ ਹੀ ਕੀਮਤਾਂ ’ਚ ਮੁਨਾਫਾ-ਬੁਕਿੰਗ ਸ਼ੁਰੂ ਹੋ ਗਈ।’ ਗਲੋਬਲ ਬਾਜ਼ਾਰ ’ਚ, ਸਪਾਟ ਸੋਨਾ 43.39 ਡਾਲਰ ਜਾਂ 1.38 ਫੀਸਦੀ ਡਿੱਗ ਕੇ 3,089.64 ਡਾਲਰ ਪ੍ਰਤੀ ਔਂਸ ਰਹਿ ਗਿਆ। ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 60 ਤੋਂ ਵੱਧ ਦੇਸ਼ਾਂ ’ਤੇ ਟੈਰਿਫ ਲਗਾਉਣ ਦੇ ਐਲਾਨ ਤੋਂ ਬਾਅਦ ਇਹ 3,167.71 ਡਾਲਰ ਪ੍ਰਤੀ ਔਂਸ ਦੇ ਨਵੇਂ ਉੱਚ ਪੱਧਰ ’ਤੇ ਪਹੁੰਚ ਗਿਆ ਸੀ।
ਏਸ਼ੀਆਈ ਬਾਜ਼ਾਰਾਂ ’ਚ, ਚਾਂਦੀ 4.21 ਫੀਸਦੀ ਡਿੱਗ ਕੇ 32.44 ਡਾਲਰ ਪ੍ਰਤੀ ਔਂਸ ਰਹਿ ਗਈ। ਅਬੰਸ ਫਾਈਨੈਂਸ਼ੀਅਲ ਸਰਵਿਸਿਜ਼ ਦੇ ਸੀ. ਈ. ਓ. ਚਿੰਤਨ ਮਹਿਤਾ ਮੁਤਾਬਕ, ਨਿਵੇਸ਼ਕ ਟਰੰਪ ਦੀਆਂ ਨਵੀਆਂ ਟੈਰਿਫ ਨੀਤੀਆਂ ਤੇ ਵਿਸ਼ਵ ਅਰਥਿਕਤਾ ’ਤੇ ਉਨ੍ਹਾਂ ਦੇ ਸੰਭਾਵੀ ਪ੍ਰਭਾਵ ਦਾ ਨੇੜਿਓਂ ਮੁਲਾਂਕਣ ਕਰਨਗੇ।