ਸੋਨੇ 'ਚ ਲਗਾਤਾਰ ਦੂਜੇ ਦਿਨ ਉਛਾਲ, ਚਾਂਦੀ 65 ਹਜ਼ਾਰ ਤੋਂ ਹੋਈ ਪਾਰ

Wednesday, Dec 16, 2020 - 01:36 PM (IST)

ਨਵੀਂ ਦਿੱਲੀ— ਗਲੋਬਲ ਬਾਜ਼ਾਰਾਂ 'ਚ ਰਾਤੋ-ਰਾਤ ਸੋਨੇ ਤੇ ਚਾਂਦੀ 'ਚ ਆਈ ਤੇਜ਼ੀ ਦੇ ਮੱਦੇਨਜ਼ਰ ਭਾਰਤ 'ਚ ਵੀ ਇਨ੍ਹਾਂ 'ਚ ਬੜ੍ਹਤ ਦੇਖਣ ਨੂੰ ਮਿਲ ਰਹੀ ਹੈ। ਅਮਰੀਕਾ 'ਚ ਰਾਹਤ ਪੈਕੇਜ ਜਾਰੀ ਹੋਣ ਦੀਆਂ ਉਮੀਦਾਂ, ਕੁਝ ਦੇਸ਼ਾਂ 'ਚ ਦੁਬਾਰਾ ਤਾਲਾਬੰਦੀ ਲਾਏ ਜਾਣ ਅਤੇ ਡਾਲਰ ਸੂਚਕ 'ਚ ਕਮਜ਼ੋਰੀ ਕਾਰਨ ਕੀਮਤਾਂ 'ਚ ਤਾਜ਼ਾ ਤੇਜ਼ੀ ਹੈ। ਬੁੱਧਵਾਰ ਨੂੰ ਐੱਮ. ਸੀ. ਐਕਸ. 'ਤੇ ਸੋਨੇ ਦੀਆਂ ਕੀਮਤਾਂ 'ਚ 200 ਰੁਪਏ ਦੀ ਤੇਜ਼ੀ ਦੇਖਣ ਨੂੰ ਮਿਲੀ। ਇਸ ਦੌਰਾਨ ਚਾਂਦੀ 644 ਰੁਪਏ ਦੀ ਮਜਬੂਤੀ ਨਾਲ ਕਾਰੋਬਾਰ ਕਰ ਰਹੀ ਸੀ।

ਬਹੁਮੁੱਲੀ ਧਾਤਾਂ ਦੀਆਂ ਕੀਮਤਾਂ 'ਚ ਤੇਜ਼ੀ ਦਾ ਇਹ ਲਗਾਤਾਰ ਦੂਜਾ ਦਿਨ ਹੈ। ਮਲਟੀ ਕਮੋਡਿਟੀ ਐਕਸਚੇਂਜ (ਐੱਮ. ਸੀ. ਐਕਸ.) 'ਤੇ ਫਰਵਰੀ ਡਿਲਿਵਰੀ ਵਾਲੇ ਸੋਨੇ ਦੀ ਕੀਮਤ ਅੱਜ ਕਾਰੋਬਾਰ ਦੌਰਾਨ ਤਕਰੀਬਨ 200 ਰੁਪਏ ਚੜ੍ਹ ਕੇ 49,646 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ। ਚਾਂਦੀ ਇਸ ਦੌਰਾਨ 644 ਰੁਪਏ ਮਜਬੂਤ ਹੋ ਕੇ 65,497 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ।

ਪਿਛਲੇ ਕਾਰੋਬਾਰੀ ਸੈਸ਼ਨ 'ਚ ਸੋਨੇ ਨੇ 530 ਰੁਪਏ ਯਾਨੀ 1.1 ਫ਼ੀਸਦੀ ਦੀ ਤੇਜ਼ੀ, ਜਦੋਂ ਕਿ ਚਾਂਦੀ ਨੇ 2 ਫ਼ੀਸਦੀ ਦੀ ਬੜ੍ਹਤ ਦਰਜ ਕੀਤੀ ਸੀ। ਕੌਮਾਂਤਰੀ ਬਾਜ਼ਾਰ 'ਚ ਸੋਨਾ 0.3 ਫ਼ੀਸਦੀ ਦੀ ਤੇਜ਼ੀ ਨਾਲ 1,860.55 ਡਾਲਰ ਪ੍ਰਤੀ ਔਂਸ ਅਤੇ ਚਾਂਦੀ 1.1 ਫ਼ੀਸਦੀ ਦੇ ਉਛਾਲ ਨਾਲ 24.92 ਡਾਲਰ ਪ੍ਰਤੀ ਔਂਸ 'ਤੇ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ- ਮਹਿੰਦਰਾ ਜਨਵਰੀ ਤੋਂ ਯਾਤਰੀ ਤੇ ਵਪਾਰਕ ਵਾਹਨਾਂ ਦੀਆਂ ਕੀਮਤਾਂ ਵਧਾਏਗੀ

ਨਿਵੇਸ਼ਕਾਂ ਦੀ ਨਜ਼ਰ ਯੂ. ਐੱਸ. ਫੈਡ ਦੀ ਨੀਤੀਗਤ ਬੈਠਕ ਦੇ ਨਤੀਜਿਆਂ 'ਤੇ ਹੈ, ਜੋ ਅੱਜ ਜਾਰੀ ਹੋਣਗੇ। ਇਸ ਤੋਂ ਨਿਵੇਸ਼ਕਾਂ ਨੂੰ ਅਰਥਵਿਵਸਥਾ ਨੂੰ ਲੈ ਕੇ ਤਾਜ਼ਾ ਸੰਕੇਤ ਮਿਲਣਗੇ ਕਿ ਉਨ੍ਹਾਂ ਨੂੰ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਸੋਨੇ ਦੀ ਖ਼ਰੀਦਦਾਰੀ ਜਾਰੀ ਰੱਖਣੀ ਚਾਹੀਦੀ ਹੈ ਜਾਂ ਨਹੀਂ। ਸੋਨੇ ਨੂੰ ਮਹਿੰਗਾਈ ਵਧਣ ਅਤੇ ਕਰੰਸੀ 'ਚ ਗਿਰਾਵਟ ਦੇ ਮੱਦੇਨਜ਼ਰ ਸੁਰੱਖਿਅਤ ਨਿਵੇਸ਼ ਦੇ ਤੌਰ 'ਤੇ ਵੇਖਿਆ ਜਾਂਦਾ ਹੈ। ਬੈਂਕ ਆਫ਼ ਇੰਗਲੈਂਡ ਅਤੇ ਸਵਿਟਜ਼ਰਲੈਂਡ, ਜਾਪਾਨ ਤੇ ਰੂਸ ਦੇ ਕੇਂਦਰੀ ਬੈਂਕ ਦੇ ਨੀਤੀਗਤ ਫ਼ੈਸਲੇ ਇਸ ਹਫ਼ਤੇ ਆਉਣੇ ਹਨ। ਕੋਟਕ ਸਕਿਓਰਿਟੀਜ਼ ਨੇ ਇਕ ਨੋਟ 'ਚ ਕਿਹਾ ਕਿ ਜਦੋਂ ਤੱਕ ਈ. ਟੀ. ਐੱਫ. 'ਚ ਖ਼ਰੀਦਦਾਰੀ ਨਹੀਂ ਵਧਦੀ ਜਾਂ ਪ੍ਰੋਤਸਾਹਨ ਦੇ ਮੋਰਚੇ 'ਤੇ ਠੋਸ ਕਦਮ ਨਹੀਂ ਚੁੱਕੇ ਜਾਂਦੇ ਤਦ ਤੱਕ ਸੋਨੇ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ- ਕਿਸਾਨ ਅੰਦੋਲਨ ਨਾਲ ਰੋਜ਼ਾਨਾ 3,500 ਕਰੋੜ ਰੁਪਏ ਦਾ ਨੁਕਸਾਨ : ਐਸੋਚੇਮ


Sanjeev

Content Editor

Related News