ਸਿੰਗਾਪੁਰ ''ਚ ਸੋਨਾ 1,400 ਡਾਲਰ ਤੋਂ ਪਾਰ, ਭਾਰਤ ''ਚ ਵੀ ਉਛਾਲ
Thursday, Jul 11, 2019 - 02:54 PM (IST)

ਨਵੀਂ ਦਿੱਲੀ— ਯੂ. ਐੱਸ. ਫੈਡਰਲ ਰਿਜ਼ਰਵ ਵੱਲੋਂ ਦਰਾਂ 'ਚ ਕਟੌਤੀ ਦੇ ਸੰਕੇਤ ਮਿਲਣ ਮਗਰੋਂ ਗਲੋਬਲ ਬਾਜ਼ਾਰਾਂ 'ਚ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਦਰਜ ਕੀਤੀ ਜਾ ਰਹੀ ਹੈ। ਸਿੰਗਾਪੁਰ 'ਚ ਸੋਨੇ ਦੀ ਕੀਮਤ 0.6 ਫੀਸਦੀ ਵਧ ਕੇ 1,427.23 ਡਾਲਰ ਪ੍ਰਤੀ ਔਂਸ ਹੋ ਗਈ ਹੈ, ਜੋ ਤਕਰੀਬਨ 6 ਸਾਲਾਂ ਦਾ ਉੱਚਾ ਪੱਧਰ ਹੈ। ਬੁੱਧਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਵੀ ਸੋਨੇ ਦੀ ਕੀਮਤ 1,412.50 ਡਾਲਰ ਪ੍ਰਤੀ ਔਂਸ ਦਰਜ ਕੀਤੀ ਗਈ ਸੀ।
ਵਿਦੇਸ਼ੀ ਬਾਜ਼ਾਰਾਂ 'ਚ ਕੀਮਤਾਂ 'ਚ ਉਛਾਲ ਮਗਰੋਂ ਅੱਜ ਭਾਰਤ 'ਚ ਵੀ ਸੋਨੇ ਦੀ ਕੀਮਤ 'ਚ ਤੇਜ਼ੀ ਦਰਜ ਕੀਤੀ ਗਈ। ਵੀਰਵਾਰ ਨੂੰ ਕਾਰੋਬਾਰ ਦੌਰਾਨ ਅਗਸਤ ਡਲਿਵਰੀ ਵਾਲਾ ਸੋਨਾ 0.7 ਫੀਸਦੀ ਉਛਲ ਕੇ 35,096 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਜਾ ਪੁੱਜਾ।
ਯੂ. ਐੱਸ. ਫੈਡਰਲ ਰਿਜ਼ਰਵ ਵੱਲੋਂ ਪਾਲਿਸੀ ਦਰਾਂ 'ਚ ਕਟੌਤੀ ਦੇ ਸੰਕੇਤ ਮਿਲਣ ਨਾਲ ਗਲੋਬਲ ਬਾਜ਼ਾਰਾਂ 'ਚ ਸੋਨੇ ਦੀਆਂ ਕੀਮਤਾਂ 'ਚ ਉਛਾਲ ਹੈ। ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਸੰਕੇਤਾਂ ਨਾਲ ਸਥਾਨਕ ਬਾਜ਼ਾਰ 'ਚ ਐੱਮ. ਸੀ. ਐਕਸ. 'ਤੇ ਚਾਂਦੀ ਵੀ 0.4 ਫੀਸਦੀ ਮਹਿੰਗੀ ਹੋ ਕੇ 38,464 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪੁੱਜ ਗਈ। ਫੈਡਰਲ ਰਿਜ਼ਰਵ ਵੱਲੋਂ ਮਿਲੇ ਸੰਕੇਤਾਂ ਨਾਲ ਡਾਲਰ 'ਚ ਗਿਰਾਵਟ ਆਉਣ ਨਾਲ ਕੀਮਤੀ ਧਾਤਾਂ ਦੀ ਖਰੀਦਦਾਰੀ ਵਧੀ ਹੈ।